- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਵਨੀਤ ਸਿੰਘ ਬਿੱਟੂ ਨੂੰ ਦੇਸ਼ ਦਾ ਗੱਦਾਰ ਕਹਿਣਾ ਪੂਰੀ ਸਿੱਖ ਕੌਮ ਦੀ ਬੇਇੱਜ਼ਤੀ : ਸਰੂਪ ਚੰਦ ਸਿੰਗਲਾ

- ਭਾਜਪਾ ਵਰਕਰਾਂ ਨੇ ਰਾਹੁਲ ਗਾਂਧੀ ਦਾ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ‘ਦੇਸ਼ ਦਾ ਗੱਦਾਰ’ ਕਹੇ ਜਾਣ ਖ਼ਿਲਾਫ਼ ਭਾਰਤੀ ਜਨਤਾ ਪਾਰਟੀ ਵੱਲੋਂ ਕੜਾ ਰੋਸ ਜਤਾਇਆ ਗਿਆ। ਇਸੇ ਕੜੀ ਤਹਿਤ ਬਠਿੰਡਾ ਵਿੱਚ ਭਾਜਪਾ ਜ਼ਿਲ੍ਹਾ ਇਕਾਈ ਵੱਲੋਂ ਫਾਇਰ ਬ੍ਰਿਗੇਡ ਚੌਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਕੀਤੀ। ਭਾਜਪਾ ਵਰਕਰਾਂ ਵੱਲੋਂ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ‘ਰਾਹੁਲ ਗਾਂਧੀ ਮੁਰਦਾਬਾਦ’ ਦੇ ਨਾਅਰੇ ਲਗਾਉਂਦੇ ਹੋਏ ਪੁਤਲਾ ਫੂਕਿਆ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਭਾਸ਼ਾ ਨਿੰਦਣਯੋਗ, ਸ਼ਰਮਨਾਕ ਅਤੇ ਦੇਸ਼ ਦੀ ਏਕਤਾ ਨੂੰ ਠੇਸ ਪਹੁੰਚਾਉਣ ਵਾਲੀ ਹੈ। ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਤੁਰੰਤ ਰਵਨੀਤ ਸਿੰਘ ਬਿੱਟੂ ਤੋਂ ਜਨਤਕ ਤੌਰ ’ਤੇ ਮਾਫ਼ੀ ਮੰਗਣ। ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਉਨ੍ਹਾਂ ਦੀ ਕਥਿਤ ‘ਰਾਹੁਲ ਬ੍ਰਿਗੇਡ’, ਜਿਸ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵਡਿੰਗ ਅਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਗੂ ਸ਼ਾਮਲ ਹਨ, ਦੀ ਸੋਚ ਪੂਰੀ ਤਰ੍ਹਾਂ ਘਟੀਆ ਅਤੇ ਦੇਸ਼ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਵਰਗੇ ਆਗੂ, ਸਿੱਖ ਕੌਮ ਨਾਲ ਸਬੰਧਿਤ ਆਗੂਆਂ ਦੀ ਮੌਜੂਦਗੀ ਵਿੱਚ ਸਰਦਾਰ ਰਵਨੀਤ ਸਿੰਘ ਬਿੱਟੂ ਨੂੰ ਦੇਸ਼ ਦਾ ਗੱਦਾਰ ਕਹਿੰਦੇ ਹਨ, ਤਾਂ ਇਹ ਸਿਰਫ਼ ਇੱਕ ਵਿਅਕਤੀ ਦੀ ਨਹੀਂ, ਸਗੋਂ ਪੂਰੀ ਸਿੱਖ ਕੌਮ ਦੀ ਬੇਇੱਜ਼ਤੀ ਹੈ।
ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਰਾਹੁਲ ਗਾਂਧੀ ਦੇ ਮਨ ਵਿੱਚ ਸਿੱਖ ਸਮਾਜ ਪ੍ਰਤੀ ਕਿੰਨਾ ਆਦਰ ਹੈ। ਉਨ੍ਹਾਂ ਕਿਹਾ ਕਿ ਗਾਂਧੀ ਪਰਿਵਾਰ ਦੀ ਪੁਰਾਣੀ ਸੋਚ ਰਹੀ ਹੈ ਕਿ ਜੋ ਵਿਅਕਤੀ ਕਾਂਗਰਸ ਪਾਰਟੀ ਵਿੱਚ ਰਹਿ ਕੇ ਕੰਮ ਕਰਦਾ ਹੈ, ਉਹੀ ਦੇਸ਼ ਭਗਤ ਹੈ ਅਤੇ ਜੋ ਕਾਂਗਰਸ ਤੋਂ ਬਾਹਰ ਹੈ, ਉਸ ਨੂੰ ਗੱਦਾਰ ਕਰਾਰ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਆਪਣੇ ਪੂਰੇ ਰਾਜਨੀਤਿਕ ਜੀਵਨ ਵਿੱਚ ਕਦੇ ਵੀ ਦੇਸ਼ ਦੀ ਤਰੱਕੀ ਦੀ ਗੱਲ ਨਹੀਂ ਕੀਤੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਇਤਿਹਾਸਕ ਕੰਮਾਂ ਅਤੇ ਯੁੱਧ ਪੱਧਰ ’ਤੇ ਹੋ ਰਹੇ ਵਿਕਾਸ ਕਾਰਜਾਂ ਵਿੱਚ ਰਾਹੁਲ ਗਾਂਧੀ ਹਮੇਸ਼ਾ ਰੁਕਾਵਟਾਂ ਪੈਦਾ ਕਰਦੇ ਰਹੇ ਹਨ। ਉਨ੍ਹਾਂ ਕਦੇ ਵੀ ਚੰਗੇ ਕੰਮਾਂ ਦੀ ਸ਼ਲਾਘਾ ਨਹੀਂ ਕੀਤੀ। ਸਿੰਗਲਾ ਨੇ ਕਿਹਾ ਕਿ ਸੱਤਾ ਦੇ ਲਾਲਚ ਵਿੱਚ ਰਾਹੁਲ ਗਾਂਧੀ ਇੰਨ੍ਹੇ ਅੰਨ੍ਹੇ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਦੇਸ਼ ਦੀ ਤਰੱਕੀ ਨਜ਼ਰ ਹੀ ਨਹੀਂ ਆਉਂਦੀ। ਉਨ੍ਹਾਂ ਇੱਥੋਂ ਤਕ ਕਿਹਾ ਕਿ ਜਦੋਂ ਭਾਰਤੀ ਫੌਜ ਨੇ ਆਪ੍ਰੇਸ਼ਨ ਦੌਰਾਨ ਵੱਡੀ ਕਾਮਯਾਬੀ ਹਾਸਲ ਕੀਤੀ, ਉਦੋਂ ਵੀ ਰਾਹੁਲ ਗਾਂਧੀ ਨੇ ਫੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਨ ਦੀ ਥਾਂ ਸਬੂਤ ਮੰਗ ਕੇ ਜਵਾਨਾਂ ਦੀ ਬੇਇੱਜ਼ਤੀ ਕੀਤੀ। ਸਿੰਗਲਾ ਨੇ ਕਿਹਾ ਕਿ ਗਾਂਧੀ ਪਰਿਵਾਰ ਦਾ ਮਕਸਦ ਸਿਰਫ਼ ਸੱਤਾ ਹਾਸਲ ਕਰਨਾ ਹੈ। ਦੇਸ਼ ਵਿਕਾਸ ਅਤੇ ਜਨਤਾ ਦੇ ਹਿੱਤ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਰਵਨੀਤ ਸਿੰਘ ਬਿੱਟੂ ਅਤੇ ਸਿੱਖ ਕੌਮ ਖ਼ਿਲਾਫ਼ ਵਰਤੀ ਗਈ ਇਸ ਭਾਸ਼ਾ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਰਾਹੁਲ ਗਾਂਧੀ ਨੂੰ ਜਨਤਕ ਤੌਰ ’ਤੇ ਮਾਫ਼ੀ ਮੰਗਣੀ ਹੀ ਪਵੇਗੀ।