19ਵਾਂ ਵਿਰਾਸਤ ਮੇਲਾ 13 ਤੋਂ 15 ਤਕ ਕਰਵਾਇਆ ਜਾਵੇਗਾ : ਡੀਸੀ
19ਵਾਂ ਵਿਰਾਸਤ ਮੇਲਾ ਜੈਪਾਲਗੜ੍ਹ ‘ਚ 13 ਤੋਂ 15 ਤੱਕ ਕਰਵਾਇਆ ਜਾਵੇਗਾ-ਡੀਸੀ
Publish Date: Thu, 05 Feb 2026 06:51 PM (IST)
Updated Date: Thu, 05 Feb 2026 06:53 PM (IST)
- ਮੇਲੇ ਸਬੰਧੀ ਤਿਆਰੀਆਂ ਲਈ ਕੀਤੀ ਗਈ ਵਿਸ਼ੇਸ਼ ਬੈਠਕ
- ਗਾਇਕ ਰਣਜੀਤ ਬਾਵਾ, ਕੰਵਰ ਗਰੇਵਾਲ ਰਹਿਣਗੇ ਖਿੱਚ ਦਾ ਕੇਂਦਰ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਬਠਿੰਡਾ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 19ਵਾਂ ਵਿਰਾਸਤ ਮੇਲਾ 2026 ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ 13 ਫ਼ਰਵਰੀ ਤੋਂ 15 ਫ਼ਰਵਰੀ ਤਕ ਕਰਵਾਇਆ ਜਾਵੇਗਾ। ਮੇਲੇ ਦੌਰਾਨ ਸੱਭਿਆਚਾਰਕ ਸਰਗਰਮੀਆਂ, ਪਤੰਗਬਾਜ਼ੀ, ਰਵਾਇਤੀ ਪਕਵਾਨ, ਲੋਕ ਨਾਚ ਆਦਿ ਦੇ ਨਾਲ-ਨਾਲ ਗਾਇਕ ਰਣਜੀਤ ਬਾਵਾ ਅਤੇ ਕੰਵਰ ਗਰੇਵਾਲ ਖਿੱਚ ਦਾ ਕੇਂਦਰ ਰਹਿਣਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਮੇਲੇ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸੱਭਿਆਚਾਰਕ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਪੁਰਾਤਨ ਵਿਰਾਸਤ ਅਤੇ ਰਵਾਇਤਾਂ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀਆਂ ਕਰਵਾਈਆਂ ਜਾਣਗੀਆਂ। ਮੇਲੇ ’ਚ ਰਵਾਇਤੀ ਖੇਡਾਂ, ਲੋਕ ਨਾਚ ਅਤੇ ਪੰਜਾਬੀ ਵਿਰਸੇ ਦੀਆਂ ਵੱਖ-ਵੱਖ ਵੰਨਗੀਆਂ ਪ੍ਰਦਰਸ਼ਤ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ’ਚ ਹੋਰਨਾਂ ਸੂਬਿਆਂ ਤੋਂ ਵੀ ਸੱਭਿਆਚਾਰਕ ਟੀਮਾਂ ਨੂੰ ਇਸ ਸਮਾਗਮ ’ਚ ਹਿੱਸਾ ਲੈਣ ਲਈ ਨਿੱਘਾ ਸੱਦਾ ਦਿੱਤਾ ਜਾਵੇਗਾ। ਨਾਲ ਹੀ ਪਹਿਲਾਂ ਤੋਂ ਹੀ ਮੇਲੇ ’ਚ ਕਰਵਾਏ ਜਾਂਦੇ ਦਸਤੂਰਾਂ ਮੁਤਾਬਕ ਹੋਰ ਸਰਗਰਮੀਆਂ ਵੀ ਕੀਤੀਆਂ ਜਾਣਗੀਆਂ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ’ਚ ਹਿੱਸਾ ਲੈਣ ਅਤੇ ਇਸ ਦਾ ਆਨੰਦ ਮਾਨਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਪੂਨਮ ਸਿੰਘ, ਉੱਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਅਭਿਨਵ ਗੋਇਲ, ਮੁੱਖ ਮੰਤਰੀ ਫ਼ੀਲਡ ਅਫਸਰ ਰਮਨਜੀਤ, ਡੀਐੱਸਪੀ ਕਰਮਜੀਤ ਸਿੰਘ, ਸਿਵਲ ਸਰਜਨ ਡਾ. ਤਪਿੰਦਰਜੋਤ ਕੌਸ਼ਲ, ਹਰਵਿੰਦਰ ਸਿੰਘ ਖਾਲਸਾ ਪ੍ਰਧਾਨ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਆਦਿ ਹਾਜ਼ਰ ਸਨ।