ਸਿਹਤ, ਸਿੱਖਿਆ ਤੇ ਰੁਜ਼ਗਾਰ ’ਚ ਨਵੀਂ ਕ੍ਰਾਂਤੀ ਵਾਲਾ ਹੈ ਬਜਟ : ਸੋਢੀ
ਕੇਂਦਰੀ ਬਜਟ ’ਚ ਦੇਸ਼ ਦੇ ਨਾਲ ਨਾਲ ਪੰਜਾਬ ਦੇ ਹਰ ਵਰਗ ਦੀ ਪੈਰਵਾਈ ਕਰਨ ਵਾਲਾ
Publish Date: Thu, 05 Feb 2026 06:33 PM (IST)
Updated Date: Thu, 05 Feb 2026 06:35 PM (IST)
- ਵਿਕਸਤ ਭਾਰਤ ਦੀ ਨੀਂਹ ਹੋਰ ਮਜ਼ਬੂਤ ਕਰੇਗਾ ਬਜਟ : ਸਿੱਧੂ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ : ਦੇਸ਼ ਦੇ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਬਜਟ ’ਤੇ ਬੇਸ਼ੱਕ ਵਿਰੋਧੀਆਂ ਵੱਲੋਂ ਕਿੰਤੂ ਪਰੰਤੂ ਕੀਤਾ ਜਾ ਰਿਹਾ ਹੈ, ਪਰ ਭਾਜਪਾ ਦੇ ਸਥਾਨਕ ਦਫ਼ਤਰ ਵਿਖ਼ੇ ਪਾਰਟੀ ਦੇ ਸੂਬਾ ਜਰਨਲ ਸਕੱਤਰ ਦਿਆਲ ਸੋਢੀ ਅਤੇ ਲੋਕ ਸਭਾ ਹਲਕਾ ਬਠਿੰਡਾ ਦੇ ਕਨਵੀਨਰ ਪਰਮਪਾਲ ਕੌਰ ਸਿੱਧੂ ਨੇ ਬਜਟ ਨੂੰ ਪੂਰੀ ਤਰ੍ਹਾਂ ਦੇਸ਼ ਅਤੇ ਪੰਜਾਬ ਦੇ ਹੱਕ ’ਚ ਦੱਸਿਆ। ਇਸ ਸਬੰਧੀ ਦਿਆਲ ਸੋਢੀ ਨੇ ਕਿਹਾ ਕੇ ਵਿਰੋਧੀ ਪਾਰਟੀਆਂ ਸਿਰਫ਼ ਵਿਰੋਧ ਕਰਨ ਲਈ ਬਜਟ ’ਤੇ ਕਿੰਤੂ ਪਰੰਤੂ ਕਰ ਰਹੀਆਂ ਹਨ। ਅਸਲ ਵਿਚ ਬਜਟ ਜਿੱਥੇ ਦੇਸ਼ ਦੇ ਹਰ ਵਰਗ ਲਈ ਵੱਧ ਤੋਂ ਵੱਧ ਸਹੂਲਤਾ ਦੇਣ ਵਾਲਾ ਹੈ, ਉੱਥੇ ਹੀ ਬਜਟ ’ਚ ਪੰਜਾਬ ਦੇ ਹਰ ਵਰਗ ਅਤੇ ਸਮੱਸਿਆ ਦਾ ਵੀ ਖਿਆਲ ਰੱਖਿਆ ਗਿਆ ਹੈ। ਪੰਜਾਬ ’ਚ ਵਧ ਰਹੇ ਕੈਂਸਰ ਨਾਲ ਨਜਿੱਠਣ ਲਈ ਕੈਂਸਰ ਦੀ ਬਿਮਾਰੀ ਦੇ ਇਲਾਜ ਲਈ ਜ਼ਰੂਰੀ 17 ਦਵਾਈਆਂ ਨੂੰ ਕਸਟਮ ਡਿਊਟੀ ਮੁਕਤ ਕੀਤਾ ਗਿਆ ਹੈ। ਨਸ਼ਾ ਪੰਜਾਬ ਦੀ ਵੱਡੀ ਸਮੱਸਿਆ ਹੈ, ਨਸ਼ੇ ਦੇ ਆਦੀ ਹੋ ਚੁੱਕੇ ਨੌਜਵਾਨਾਂ ਦੀ ਮੁੜ ਬਹਾਲੀ ਅਤੇ ਇਲਾਜ ਲਈ ਨਵੇਂ ਸੈਂਟਰ ਖੋਲ੍ਹੇ ਜਾਣਗੇ। ਜਿੱਥੇ ਇਲਾਜ ਦੇ ਨਾਲ-ਨਾਲ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਕਰਨ ਲਈ ਵੀ ਉਪਰਾਲੇ ਕੀਤੇ ਜਾਣਗੇ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਕਿਸਾਨੀ ਲਈ ਕ੍ਰੈਡਿਟ ਕਾਰਡ ਲਿਮਟ ’ਚ 2 ਲੱਖ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਖੇਡਾਂ ਨੂੰ ਉਤਸ਼ਾਹਿਤ ਕਰਨਾ, ਇਸ ਬਜਟ ਦਾ ਮੁੱਖ ਏਜੰਡਾ ਹੈ। ਪਰਮਪਾਲ ਕੌਰ ਸਿੱਧੂ ਨੇ ਕਿਹਾ ਕਿ ਬਜਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਸੁਫ਼ਨੇ ਨੂੰ ਪੂਰਾ ਕਰਨ ਅਤੇ ਇਸ ਦੀ ਨੀਂਹ ਮਜ਼ਬੂਤ ਕਰਨ ਵਾਲਾ ਹੈ। ਬਜਟ ਭਾਰਤ ਦੀ ਆਰਥਿਕਤਾ ਨੂੰ ਹੋਰ ਅੱਗੇ ਲੇ ਕੇ ਜਾਣ ਵਾਲਾ ਹੈ। ਭਾਰਤ ਹਰ ਖੇਤਰ ’ਚ ਆਤਮ ਨਿਰਭਰ ਬਨਾਉਣ ਲਈ ਬਜਟ ਵਿਚ ਕਈ ਨਵੀਆਂ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਆਵਾਜਾਈ ਤੇ ਢੋਆ-ਢੁਆਈ ਲਈ ਨਵੇਂ ਅਤੇ ਹਾਈਸਪੀਡ ਰੇਲਵੇ ਤੇ ਸੜਕੀ ਕੋਰੀਡੋਰ ਸਥਾਪਿਤ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਵਿਰੋਧੀ ਪਾਰਟੀਆਂ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਬਜਟ ਨੂੰ ਪੰਜਾਬ ਵਿਰੋਧੀ ਦੱਸ ਰਹੀਆਂ ਹਨ, ਜਦਕਿ ਜ਼ਮੀਨੀ ਪੱਧਰ ’ਤੇ ਬਜਟ ਪੰਜਾਬ ਦੇ ਹਰ ਵਰਗ ਨੂੰ ਸਹੂਲਤਾ ਦੇਣ ਵਾਲਾ ਹੈ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮੇਜਰ ਸਿੰਘ ਬਰਾੜ, ਚੰਦਨ ਕਾਂਤ, ਕਿਸਾਨ ਵਿੰਗ ਪ੍ਰਧਾਨ ਬੂਟਾ ਭਾਈਰੂਪਾ, ਜੋਗਿੰਦਰ ਪਾਲ ਸਿੰਗਲਾ, ਭਾਰਤ ਭੂਸ਼ਨ, ਯੂਥ ਵਿੰਗ ਪ੍ਰਧਾਨ ਜਸਪ੍ਰੀਤ ਜੱਸਾ ਭੁੱਚੋ ਆਦਿ ਹਾਜ਼ਰ ਸਨ।