ਕਾਰ ਦੇ ਸ਼ੀਸ਼ੇ ਤੋੜ ਕੇ ਲੱਖਾਂ ਦਾ ਸਾਮਾਨ ਚੋਰੀ
ਕਾਰ ਦੇ ਸ਼ੀਸ਼ੇ ਤੋੜ ਕੇ ਹਜ਼ਾਰਾਂ ਰੁਪਏ ਅਤੇ ਪੈਟਰੋਲ ਪੰਪ ਤੋਂ ਲੱਖਾਂ ਦਾ ਸਮਾਨ ਚੋਰੀ
Publish Date: Thu, 05 Feb 2026 05:26 PM (IST)
Updated Date: Thu, 05 Feb 2026 05:29 PM (IST)

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅਣਪਛਾਤੇ ਚੋਰਾਂ ਨੇ ਜਿੱਥੇ ਸ਼ਹਿਰ ਵਿੱਚ ਇੱਕ ਕਾਰ ਦੇ ਸ਼ੀਸ਼ੇ ਤੋੜ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਅਤੇ ਦਸਤਾਵੇਜ਼ ਚੋਰੀ ਕਰ ਲਏ, ਉੱਥੇ ਹੀ ਮੌੜ ਮੰਡੀ ਵਿੱਚ ਇੱਕ ਪੈਟਰੋਲ ਪੰਪ ਤੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕੀਤਾ ਹੈ। ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਤਰਨਜੀਤ ਸਿੰਘ ਵਾਸੀ ਆਦਰਸ਼ ਨਗਰ ਬਠਿੰਡਾ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਤਿੰਨ ਫਰਵਰੀ ਨੂੰ ਆਪਣੀ ਮਹਿੰਦਰਾ ਕਾਰ ਨੂੰ ਮਹਾਂਵੀਰ ਦਲ ਦੀ ਬੈਕ ਸਾਈਡ ’ਤੇ ਖੜ੍ਹਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਕੁਝ ਸਮੇਂ ਬਾਅਦ ਉਸ ਦੀ ਪਤਨੀ ਕਾਰ ਕੋਲ ਆਈ ਤਾਂ ਦੇਖਿਆ ਕਿ ਅਣਪਛਾਤੇ ਵਿਅਕਤੀਆਂ ਨੇ ਕਾਰ ਦੇ ਸ਼ੀਸ਼ੇ ਤੋੜ ਕੇ ਉਸ ਵਿੱਚ ਪਏ ਪਰਸ ਵਿੱਚੋਂ 82000 ਕੈਸ਼, ਡਾਕਟਰੀ ਲਾਇਸੈਂਸ, ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਵਿਜ਼ਟਿੰਗ ਕਾਰਡ, ਪੀਐੱਨਬੀ ਬੈਂਕ ਦੇ ਡੈਬਿਟ ਕਾਰਡ, ਇਕ ਘਰ ਅਤੇ ਹਸਪਤਾਲ ਦੀ ਚਾਬੀ ਚੋਰੀ ਕਰ ਕੇ ਲੈ ਗਏ। ਖਾਣਾ ਕੋਤਵਾਲੀ ਦੇ ਸਹਾਇਕ ਥਾਣੇਦਾਰ ਤਰਸੇਮ ਲਾਲ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਘਟਨਾ ਸਥਾਨ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਥਾਣਾ ਮੌੜ ਮੰਡੀ ਦੀ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਹਰਸ਼ ਗੋਇਲ ਨੇ ਦੱਸਿਆ ਕਿ ਅਣਪਛਾਤੇ ਚੋਰ ਰਾਤ ਸਮੇਂ ਉਸ ਦੇ ਪੈਟਰੋਲ ਪੰਪ ਵਿੱਚੋਂ ਅੱਠ ਬੈਟਰੀਆਂ 12 ਵੋਲਟੇਜ, 25 ਤੇਲ ਸੈਂਪਲ ਬਾਕਸ, ਇੱਕ ਕੰਪਿਊਟਰ ਸਕਰੀਨ, ਇੱਕ ਡੀਵੀਆਰ, 15 ਬੈਟਰੀਆਂ ਵੱਡੀਆਂ ਅਤੇ ਜਰਨੇਟਰ ਰੂਮ ਵਿੱਚੋਂ ਜਨਰੇਟਰ ਦਾ ਕਲਟੀਵੇਟਰ ਚੋਰੀ ਕਰ ਕੇ ਲੈ ਗਏ। ਮੌੜ ਥਾਣੇ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।