- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਤੋਂ ਮਨਜ਼ੂਰੀ ਮਿਲਣ ਮਗਰੋਂ ਹੀ ਸ਼ੁਰੂ ਹੋਵੇਗਾ ਜਨਤਾ ਨਗਰ ਓਵਰਬ੍ਰਿਜ਼ ਦਾ ਕੰਮ

- 700 ਮੀਟਰ ਲੰਬਾ ਤੇ 9.50 ਮੀਟਰ ਚੌੜਾ ਹੋਵਾਗਾ
ਗਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ : ਸ਼ਹਿਰ ਦੇ ਜਨਤਾ ਨਗਰ ਵਿੱਚ ਬਣਨ ਵਾਲੇ ਓਵਰਬ੍ਰਿਜ਼ ਨੂੰ ਹਾਲੇ ਵੀ ਕੇਂਦਰ ਸਰਕਾਰ ਤੋਂ ਮਨਜ਼ੂਰੀ ਦੀ ਉਡੀਕ ਹੈ। ਇੱਥੇ ਓਵਰਬ੍ਰਿਜ਼ ਬਣਾਉਣ ਲਈ ਐੱਨਜੀਟੀ ਤੋਂ ਇਲਾਵਾ ਰੇਲਵੇ ਵਿਭਾਗ ਦੀ ਮਨਜ਼ੂਰੀ ਵੀ ਪੈਂਡਿੰਗ ਹੈ। ਜਦਕਿ ਆਰਓਬੀ ਬਣਾਉਣ ਲਈ ਪੂਰਾ ਪ੍ਰਾਜੈਕਟ ਤਿਆਰ ਕੀਤਾ ਜਾ ਚੁੱਕਾ ਹੈ। ਇੱਥੋਂ ਤਕ ਕਿ ਪੰਜਾਬ ਸਰਕਾਰ ਵੱਲੋਂ 2022 ਦੇ ਬਜਟ ਵਿੱਚ ਵੀ ਇਸ ਓਵਰਬ੍ਰਿਜ਼ ਦੇ ਨਿਰਮਾਣ ਨੂੰ ਲੈ ਕੇ ਐਲਾਨ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜਨਤਾ ਨਗਰ ਵਿੱਚ 700 ਮੀਟਰ ਲੰਬਾ ਆਰਓਬੀ ਬਣਾਇਆ ਜਾਣਾ ਹੈ। ਸਰਹਿੰਦ ਨਹਿਰ ਦੇ ਨੇੜੇ ਫਿਰੋਜ਼ਪੁਰ ਰੇਲਵੇ ਲਾਈਨ ’ਤੇ ਬਣਨ ਵਾਲੇ ਇਸ ਆਰਓਬੀ ਦੀ ਚੌੜਾਈ ਸਾਢੇ 9 ਮੀਟਰ ਹੋਵੇਗੀ ਤਾਂ ਜੋ ਦੋਹਾਂ ਦਿਸ਼ਾਵਾਂ ਤੋਂ ਵਾਹਨਾਂ ਦੀ ਆਵਾਜਾਈ ਆਸਾਨੀ ਨਾਲ ਹੋ ਸਕੇ। ਪੀਡਬਲਯੂਡੀ ਵਿਭਾਗ ਵੱਲੋਂ ਇਸ ਪ੍ਰਾਜੈਕਟ ਦਾ ਨਿਰਮਾਣ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਲਾਗਤ ਦਾ ਅੰਦਾਜ਼ਾ ਤੈਅ ਕਰ ਕੇ ਬਲੂਪ੍ਰਿੰਟ ਬਣਾਇਆ ਜਾਵੇਗਾ ਅਤੇ ਟੈਂਡਰ ਜਾਰੀ ਕਰ ਕੇ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ। ਪ੍ਰਾਜੈਕਟ ਲਈ ਕੁਝ ਮਨਜ਼ੂਰੀਆਂ ਦੀ ਉਡੀਕ ਹੈ, ਜਿਨ੍ਹਾਂ ਦੇ ਪੂਰਾ ਹੋਣ ’ਤੇ ਕੰਮ ਸ਼ੁਰੂ ਹੋ ਜਾਵੇਗਾ। ਨਵਾਂ ਬਣਨ ਵਾਲਾ ਓਵਰਬ੍ਰਿਜ਼ ਨਹਿਰ ਦੇ ਨਾਲ-ਨਾਲ ਚੱਲ ਰਹੀ ਸੜਕ ਦੇ ਦੋਵੇਂ ਪਾਸਿਆਂ ਦੇ ਲੋਕਾਂ ਲਈ ਫਾਇਦੇਮੰਦ ਸਾਬਤ ਹੋਵੇਗਾ। ਇਸ ਨਾਲ ਰਿੰਗ ਰੋਡ ਤੋਂ ਘਨੱਈਆ ਚੌਕ ਤਕ ਆਵਾਜਾਈ ਵੀ ਆਸਾਨ ਹੋ ਜਾਵੇਗੀ। ਹਾਲਾਂਕਿ 2017 ਵਿੱਚ ਪੀਐੱਮਓ ਦਫ਼ਤਰ ਦੇ ਨਿਰਦੇਸ਼ਾਂ ’ਤੇ ਮਨਿਸਟਰੀ ਆਫ਼ ਰੇਲਵੇ ਦੇ ਸਕੱਤਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਡੀਆਰਐੱਮ ਫਿਰੋਜ਼ਪੁਰ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਡਿਵੀਜ਼ਨਲ ਇੰਜੀਨੀਅਰਾਂ ਨੇ ਸੂਬਾ ਸਰਕਾਰ ਨਾਲ ਰੇਲ ਅੰਡਰਬ੍ਰਿਜ਼ ਅਤੇ ਰੇਲ ਓਵਰਬ੍ਰਿਜ਼ ਦੀ ਲੋੜ ਬਾਰੇ ਵਿਚਾਰ-ਵਟਾਂਦਰਾ ਕੀਤਾ। ਬਰਸਾਤੀ ਪਾਣੀ ਭਰਨ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਰੇਲ ਲਾਈਨ ’ਤੇ ਆਰਓਬੀ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਦੌਰਾਨ ਪ੍ਰਾਜੈਕਟ ਵਿੱਚ ਦੋ ਵਾਰ ਬਦਲਾਅ ਵੀ ਕੀਤਾ ਗਿਆ। ਹੁਣ ਤੀਜੀ ਵਾਰ ਇਸ ’ਤੇ ਮੁੜ ਕੰਮ ਸ਼ੁਰੂ ਹੋਇਆ ਹੈ। ਓਵਰਬ੍ਰਿਜ਼ ਬਣਨ ਤੋਂ ਬਾਅਦ ਜਨਤਾ ਨਗਰ ਵੱਲ ਲਾਈਨ ਪਾਰ ਇਲਾਕੇ ਵਿੱਚ ਰਹਿੰਦੇ 15 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ।
ਇਸ ਸਬੰਧੀ ਵਿਧਾਇਕ ਜਗਰੂਪ ਗਿੱਲ ਨੇ ਦੱਸਿਆ ਕਿ ਜਨਤਾ ਨਗਰ ਓਵਰਬ੍ਰਿਜ਼ ਲਈ ਵਣ ਵਿਭਾਗ ਦੀ ਕਲੀਅਰੈਂਸ ਅਜੇ ਬਾਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਣ ਵਿਭਾਗ ਜ਼ਮੀਨ ਦੇ ਬਦਲੇ ਮੁਆਵਜ਼ਾ ਰਕਮ ਸਵੀਕਾਰ ਕਰ ਲੈਂਦਾ ਸੀ, ਪਰ ਹੁਣ ਵਿਭਾਗ ਜ਼ਮੀਨ ਦੀ ਮੰਗ ਕਰ ਰਿਹਾ ਹੈ। ਇਸ ਲਈ ਦੋ ਤੋਂ ਤਿੰਨ ਥਾਵਾਂ ’ਤੇ ਜ਼ਮੀਨ ਦੀ ਪਛਾਣ ਕੀਤੀ ਗਈ ਹੈ ਅਤੇ ਜਿਵੇਂ ਹੀ ਪ੍ਰਕਿਰਿਆ ਪੂਰੀ ਹੋਵੇਗੀ, ਸਰਕਾਰ ਵੱਲੋਂ ਇਸ ਓਵਰਬ੍ਰਿਜ਼ ਦਾ ਟੈਂਡਰ ਜਾਰੀ ਕਰ ਦਿੱਤਾ ਜਾਵੇਗਾ।
- ਪਹਿਲਾਂ ਵੀ ਦੋ ਵਾਰ ਪ੍ਰਾਜੈਕਟ ’ਚ ਹੋ ਚੁੱਕਾ ਹੈ ਬਦਲਾਅ
2017 ਵਿੱਚ ਜਨਤਾ ਨਗਰ ਵਿੱਚ ਬਠਿੰਡਾ-ਫਿਰੋਜ਼ਪੁਰ ਰੇਲ ਲਿੰਕ ਸਰਹਿੰਦ ਨਹਿਰ ’ਤੇ ਪੀਡਬਲਯੂਡੀ ਵੱਲੋਂ ਲਗਭਗ 3.5 ਕਰੋੜ ਰੁਪਏ ਦੀ ਲਾਗਤ ਨਾਲ ਆਰਜੀ ਸਟੀਲ ਦਾ ਪੁਲ ਬਣਾਉਣ ਦਾ ਪ੍ਰਸਤਾਵ ਤਿਆਰ ਕਰਕੇ ਡੀਆਰਐੱਮ ਫਿਰੋਜ਼ਪੁਰ ਨੂੰ ਮਨਜ਼ੂਰੀ ਲਈ ਭੇਜਿਆ ਗਿਆ ਸੀ, ਪਰ ਯੋਜਨਾ ਸਫ਼ਲ ਨਾ ਹੋ ਸਕੀ। 2016 ਵਿੱਚ ਵੀ ਸੂਬਾ ਸਰਕਾਰ ਵੱਲੋਂ 3.84 ਕਰੋੜ ਰੁਪਏ ਦੀ ਲਾਗਤ ਨਾਲ ਲੋ-ਹਾਈਟ ਰੇਲ ਅੰਡਰਬ੍ਰਿਜ਼ ਬਣਾਉਣ ਦਾ ਅੰਦਾਜ਼ਾ ਤਿਆਰ ਕੀਤਾ ਗਿਆ ਸੀ। ਪੀਡਬਲਯੂਡੀ ਵੱਲੋਂ 2016 ਵਿੱਚ ਤਤਕਾਲੀ ਡਿਪਟੀ ਸੀਐੱਮ ਸੁਖਬੀਰ ਸਿੰਘ ਬਾਦਲ ਨੂੰ ਮਨਜ਼ੂਰੀ ਲਈ ਪ੍ਰਾਜੈਕਟ ਭੇਜ ਕੇ ਫੰਡ ਦੀ ਮੰਗ ਕੀਤੀ ਗਈ ਸੀ, ਪਰ ਯੋਜਨਾ ਅੱਗੇ ਨਹੀਂ ਵੱਧ ਸਕੀ। 2017 ਵਿੱਚ ਸਰਕਾਰ ਬਦਲਣ ’ਤੇ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਰਓਬੀ ਦੀ ਯੋਜਨਾ ਬਣਾਈ, ਪਰ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਵੀ ਪ੍ਰਾਜੈਕਟ ਪੂਰਾ ਨਾ ਹੋ ਸਕਿਆ। 2022 ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਲਈ, ਪਰ ਇਹ ਹਾਲੇ ਵੀ ਦੋ ਸਾਲਾਂ ਤੋਂ ਕਾਗਜ਼ਾਂ ਤਕ ਹੀ ਸੀਮਿਤ ਹੈ।
- ਟਰੱਕ-ਟਰਾਲਿਆਂ ਨੂੰ ਸ਼ਹਿਰ ਤੋਂ ਬਾਹਰ ਨਿਕਲਣ ’ਚ ਮਿਲੇਗੀ ਸਹੂਲਤ
ਓਵਰਬ੍ਰਿਜ਼ ਬਣਨ ਤੋਂ ਬਾਅਦ ਸੰਤਪੁਰਾ ਰੋਡ ’ਤੇ ਰੇਲ ਲੋਡਿੰਗ ਪਲੇਟਫਾਰਮ ਤੋਂ ਮਾਲ ਗੱਡੀਆਂ ਵਿੱਚ ਲੋਡਿੰਗ-ਅਨਲੋਡਿੰਗ ਕਰਨ ਵਾਲੇ ਟਰੱਕ-ਟਰਾਲਿਆਂ ਨੂੰ ਸਿੱਧਾ ਰਿੰਗ ਰੋਡ ਰਾਹੀਂ ਸ਼ਹਿਰ ਤੋਂ ਬਾਹਰ ਜਾਣ ਦੀ ਸਹੂਲਤ ਮਿਲੇਗੀ। ਪਹਿਲਾਂ ਭਾਰੀ ਵਾਹਨਾਂ ਨੂੰ ਸੰਤਪੁਰਾ ਰੋਡ ਓਵਰਬ੍ਰਿਜ਼ ਤੋਂ ਪਰਸਰਾਮ ਨਗਰ ਬਾਜ਼ਾਰ ਅਤੇ ਠੰਢੀ ਸੜਕ ਰਾਹੀਂ ਮੁਲਤਾਨੀਆ ਰੋਡ ਵੱਲ ਜਾਣਾ ਪੈਂਦਾ ਸੀ। ਲਾਈਨ ਪਾਰ ਇਲਾਕਾ ਤਿੰਨ ਪਾਸਿਆਂ ਤੋਂ ਰੇਲਵੇ ਟਰੈਕ ਨਾਲ ਘਿਰਿਆ ਹੋਇਆ ਹੈ ਅਤੇ ਚੌਥੇ ਪਾਸੇ ਸਰਹਿੰਦ ਨਹਿਰ ਹੈ। ਇਸ ਕਾਰਨ ਵੱਡੇ ਵਾਹਨਾਂ ਲਈ ਆਵਾਜਾਈ ਦਾ ਕੋਈ ਢੰਗ ਦਾ ਰਸਤਾ ਨਹੀਂ ਹੈ। ਬਠਿੰਡਾ-ਫਿਰੋਜ਼ਪੁਰ ਰੇਲ ਟਰੈਕ ’ਤੇ ਬਣਿਆ ਅੰਡਰਬ੍ਰਿਜ਼ ਬਹੁਤ ਹੀ ਤੰਗ ਅਤੇ ਨੀਚਾ ਹੋਣ ਕਾਰਨ ਇੱਥੋਂ ਸਿਰਫ਼ ਛੋਟੀਆਂ ਕਾਰਾਂ ਅਤੇ ਦੋ ਪਹੀਆ ਵਾਹਨ ਹੀ ਲੰਘ ਸਕਦੇ ਹਨ। ਐਂਬੂਲੈਂਸ ਅਤੇ ਹੋਰ ਵੱਡੇ ਵਾਹਨ ਇੱਥੋਂ ਨਹੀਂ ਨਿਕਲ ਸਕਦੇ ਪਰ ਇਸ ਦੇ ਨਿਰਮਾਣ ਨਾਲ ਲੋਕਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਹਾਲਾਤ ਇਹ ਹਨ ਕਿ ਸੜਕ ਅਤੇ ਰੇਲ ਟਰੈਕ ਦਰਮਿਆਨ ਸਿਰਫ਼ 4.5 ਫੁੱਟ ਦੀ ਉਚਾਈ ਹੈ। ਮੁੱਖ ਸੜਕ ਤੋਂ ਨੀਵਾਂ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਇੱਥੇ ਲਗਭਗ ਤਿੰਨ ਫੁੱਟ ਤਕ ਪਾਣੀ ਭਰ ਜਾਂਦਾ ਹੈ।