ਸੀਨੀਅਰ ਡਿਪਟੀ ਮੇਅਰ ਦੇ ਭਰੋਸੇ ਮਗਰੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ, ਸ਼ਹਿਰ ਵਾਸੀਆਂ ਨੂੰ ਮਿਲੀ ਰਾਹਤ
ਸੀਨੀਅਰ ਡਿਪਟੀ ਮੇਅਰ ਦੇ ਭਰੋਸੇ ਮਗਰੋਂ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ, ਸ਼ਹਿਰ ਵਾਸੀਆਂ ਨੂੰ ਮਿਲੀ ਰਾਹਤ
Publish Date: Thu, 05 Feb 2026 05:16 PM (IST)
Updated Date: Thu, 05 Feb 2026 05:20 PM (IST)

- ਹੜਤਾਲ ਕਾਰਨ ਗੰਦਗੀ ਦੇ ਢੇਰਾਂ ’ਚ ਤਬਦੀਲ ਹੋਣ ਲੱਗਾ ਸੀ ਬਠਿੰਡਾ ਸ਼ਹਿਰ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਗਰ ਨਿਗਮ ਬਠਿੰਡਾ ਅਧੀਨ ਕੰਮ ਕਰ ਰਹੇ ਸਫ਼ਾਈ ਕਰਮਚਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਸ਼ੁਰੂ ਕੀਤੀ ਗਈ ਹੜਤਾਲ ਆਖ਼ਿਰਕਾਰ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਦੇ ਭਰੋਸੇ ਮਗਰੋਂ ਵੀਰਵਾਰ ਨੂੰ ਸਮਾਪਤ ਹੋ ਗਈ। ਹੜਤਾਲ ਖ਼ਤਮ ਹੋਣ ਨਾਲ ਸ਼ਹਿਰ ਵਾਸੀਆਂ ਨੇ ਸਖ਼ਤ ਰਾਹਤ ਮਹਿਸੂਸ ਕੀਤੀ ਹੈ, ਕਿਉਂਕਿ ਪਿਛਲੇ ਦੋ ਦਿਨਾਂ ਤੋਂ ਸ਼ਹਿਰ ਦੀ ਸਫ਼ਾਈ ਪ੍ਰਬੰਧਨਾ ਅਤੇ ਘਰੋਂ-ਘਰੀ ਕੂੜਾ ਕੁਲੈਕਸ਼ਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਸੀ ਅਤੇ ਸ਼ਹਿਰ ਵਿਚ ਗੰਦਗੀ ਦੇ ਢੇਰ ਲੱਗਣ ਲੱਗੇ ਸਨ। ਜ਼ਿਕਰਯੋਗ ਹੈ ਕਿ ਪਿਛਲੇ ਬੁੱਧਵਾਰ ਨੂੰ ਸਫ਼ਾਈ ਵਰਕਰ ਯੂਨੀਅਨ ਦੇ ਸੱਦੇ ’ਤੇ ਸੈਂਕੜੇ ਮਹਿਲਾ ਅਤੇ ਪੁਰਸ਼ ਸਫ਼ਾਈ ਕਰਮਚਾਰੀਆਂ ਨੇ ਨਗਰ ਨਿਗਮ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਪ੍ਰਦਰਸ਼ਨ ਦੌਰਾਨ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਅਤੇ ਨਿਗਮ ਪ੍ਰਸ਼ਾਸਨ ਵਿਰੁੱਧ ਰੋਸ ਜਤਾਇਆ। ਇਹ ਆੰਦੋਲਨ ਵੀਰਵਾਰ ਨੂੰ ਦੂਜੇ ਦਿਨ ਵੀ ਦੁਪਹਿਰ ਤਕ ਜਾਰੀ ਰਿਹਾ, ਜਿਸ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੂੜੇ ਦੇ ਢੇਰ ਲੱਗ ਗਏ ਅਤੇ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸ਼ਹਿਰ ਦੀ ਆਬਾਦੀ ਲਗਾਤਾਰ ਵਧ ਰਹੀ ਹੈ, ਪਰ ਉਸ ਅਨੁਸਾਰ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਕਾਰਨ ਮੌਜੂਦਾ ਕਰਮਚਾਰੀਆਂ ’ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਪੈ ਰਿਹਾ ਹੈ ਅਤੇ ਸਫ਼ਾਈ ਪ੍ਰਬੰਧ ਨੂੰ ਸੁਚਾਰੂ ਤਰੀਕੇ ਨਾਲ ਚਲਾਉਣਾ ਔਖਾ ਹੋ ਰਿਹਾ ਹੈ। ਯੂਨੀਅਨ ਦੀਆਂ ਮੁੱਖ ਮੰਗਾਂ ਵਿੱਚ ਸ਼ਹਿਰ ਦੀ ਲੋੜ ਮੁਤਾਬਿਕ ਜਲਦੀ ਤੋਂ ਜਲਦੀ ਨਵੀਂ ਭਰਤੀ ਕਰ ਕੇ 500 ਨਵੇਂ ਸਫ਼ਾਈ ਮੁਲਾਜ਼ਮ ਰੱਖਣ ਦੀ ਮੰਗ ਸ਼ਾਮਲ ਹੈ। ਇਸ ਤੋਂ ਇਲਾਵਾ ਕਰਮਚਾਰੀਆਂ ਨੇ ਵਧਦੀ ਮਹਿੰਗਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਤਨਖ਼ਾਹ ਵਿੱਚ ਵਾਧੇ ਦੀ ਮੰਗ ਵੀ ਰੱਖੀ। ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਮੌਜੂਦਾ ਤਨਖ਼ਾਹ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਨਾਲ ਹੀ ਸੇਵਾਮੁਕਤ ਹੋ ਚੁੱਕੇ ਸਫ਼ਾਈ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਪੁਰਾਣੀ ਪੈਨਸ਼ਨ ਯੋਜਨਾ ਦਾ ਲਾਭ ਦੇਣ ਦੀ ਮੰਗ ਵੀ ਜ਼ੋਰ-ਸ਼ੋਰ ਨਾਲ ਉਠਾਈ ਗਈ। ਧਰਨਾ ਪ੍ਰਦਰਸ਼ਨ ਦੌਰਾਨ ਸੀਨੀਅਰ ਡਿਪਟੀ ਮੇਅਰ ਸ਼ਾਮ ਲਾਲ ਜੈਨ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਸ਼ਾਮ ਲਾਲ ਜੈਨ ਨੇ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਰਕਾਰ ਦੇ ਸਾਹਮਣੇ ਵੀ ਰੱਖਿਆ ਜਾਵੇਗਾ ਅਤੇ ਨਗਰ ਨਿਗਮ ਆਪਣੇ ਪੱਧਰ ’ਤੇ ਲੋੜ ਅਨੁਸਾਰ ਨਵੇਂ ਕਰਮਚਾਰੀਆਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰੇਗਾ। ਹਾਲਾਂਕਿ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭਰਤੀ ਪ੍ਰਕਿਰਿਆ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ। ਸ਼ਹਿਰ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਨੀਅਰ ਡਿਪਟੀ ਮੇਅਰ ਨੇ ਸਫ਼ਾਈ ਕਰਮਚਾਰੀਆਂ ਨੂੰ ਹੜਤਾਲ ਵਾਪਸ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੇ ਭਰੋਸੇ ਅਤੇ ਸਕਾਰਾਤਮਕ ਰੁਖ ਨੂੰ ਦੇਖਦਿਆਂ ਯੂਨੀਅਨ ਆਗੂਆਂ ਨੇ ਕਰਮਚਾਰੀਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਲਿਆ, ਜਿਸ ਨੂੰ ਸਮੂਹ ਕਰਮਚਾਰੀਆਂ ਨੇ ਮਨਜ਼ੂਰ ਕਰ ਲਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਹਿਰ ਵਿੱਚ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਚੱਲ ਰਹੀ ਹੈ, ਜਿਸ ਕਾਰਨ ਸੀਵਰੇਜ ਪ੍ਰਬੰਧ ’ਤੇ ਨਕਾਰਾਤਮਕ ਅਸਰ ਪੈ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਸੀ। ਕੂੜਾ ਨਾ ਚੁੱਕੇ ਜਾਣ ਕਾਰਨ ਕਈ ਰਿਹਾਇਸ਼ੀ ਅਤੇ ਵਪਾਰਕ ਇਲਾਕਿਆਂ ਵਿੱਚ ਥਾਂ-ਥਾਂ ਕਚਰੇ ਦੇ ਢੇਰ ਲੱਗ ਗਏ ਸਨ, ਜਿਸ ਨਾਲ ਬਦਬੂ ਫੈਲਣ ਲੱਗੀ ਅਤੇ ਬਿਮਾਰੀਆਂ ਦਾ ਖ਼ਤਰਾ ਵੀ ਵੱਧ ਗਿਆ ਸੀ। ਸ਼ਹਿਰ ਵਾਸੀ ਲਗਾਤਾਰ ਨਗਰ ਨਿਗਮ ਪ੍ਰਸ਼ਾਸਨ ਤੋਂ ਜਲਦ ਹੱਲ ਦੀ ਮੰਗ ਕਰ ਰਹੇ ਸਨ। ਹੁਣ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਖ਼ਤਮ ਹੋਣ ਮਗਰੋਂ ਉਮੀਦ ਜਤਾਈ ਜਾ ਰਹੀ ਹੈ ਕਿ ਸ਼ਹਿਰ ਦੀ ਸਫ਼ਾਈ ਪ੍ਰਬੰਧਨਾ ਜਲਦੀ ਹੀ ਮੁੜ ਪਟੜੀ ’ਤੇ ਆਵੇਗੀ ਅਤੇ ਡੋਰ-ਟੂ-ਡੋਰ ਕੂੜਾ ਕਲੇਕਸ਼ਨ ਮੁੜ ਨਿਯਮਿਤ ਤੌਰ ’ਤੇ ਸ਼ੁਰੂ ਹੋ ਜਾਵੇਗਾ। ਨਗਰ ਨਿਗਮ ਅਧਿਕਾਰੀਆਂ ਨੇ ਵੀ ਦਾਅਵਾ ਕੀਤਾ ਹੈ ਕਿ ਤਰਜੀਹ ਦੇ ਆਧਾਰ ’ਤੇ ਸ਼ਹਿਰ ਵਿੱਚ ਇਕੱਠੇ ਹੋਏ ਕਚਰੇ ਨੂੰ ਚੁੱਕਣ ਦਾ ਕੰਮ ਕੀਤਾ ਜਾਵੇਗਾ, ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਮਿਲ ਸਕੇ।