ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਫੜਿਆ, ਚੋਰੀ ਦੇ ਅੱਠ ਮੋਟਰਸਾਈਕਲ ਬਰਾਮਦ
ਮੋਟਰਸਾਈਕਲ ਚੋਰੀ ਕਰਨ ਵਾਲਾ ਗਿਰੋਹ ਫੜਿਆ, ਚੋਰੀ ਦੇ ਅੱਠ ਮੋਟਰਸਾਈਕਲ ਬਰਾਮਦ
Publish Date: Thu, 05 Feb 2026 05:11 PM (IST)
Updated Date: Thu, 05 Feb 2026 05:14 PM (IST)

- ਇੱਕ ਮੁਲਜ਼ਮ ਗ੍ਰਿਫ਼ਤਾਰ, ਮਾਮਲਾ ਦਰਜ ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ ਕੋਟਫੱਤਾ : ਥਾਣਾ ਸਦਰ ਬਠਿੰਡਾ ਅਧੀਨ ਪੈਂਦੀ ਚੌਕੀ ਕੋਟਸ਼ਮੀਰ ਦੀ ਪੁਲਿਸ ਨੂੰ ਮੋਟਰਸਾਈਕਲ ਚੋਰੀ ਦੇ ਮਾਮਲੇ ਵਿੱਚ ਵੱਡੀ ਸਫ਼ਲਤਾ ਮਿਲੀ ਹੈ। ਚੌਕੀ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਕਾਬੂ ਕਰ ਕੇ ਉਸ ਦੀ ਨਿਸ਼ਾਨਦੇਹੀ ’ਤੇ ਅੱਠ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ। ਚੌਕੀ ਇੰਚਾਰਜ ਧਰਮਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਨੂੰ ਮੁਖ਼ਬਰੀ ਮਿਲੀ ਸੀ ਕਿ ਸੰਦੀਪ ਸਿੰਘ ਉਰਫ਼ ਢੁੱਡੀ ਵਾਸੀ ਨਸੀਬਪੁਰਾ, ਜੋ ਮੋਟਰਸਾਈਕਲ ਚੋਰੀ ਕਰਨ ਦਾ ਆਦੀ ਹੈ, ਬਿਨਾਂ ਨੰਬਰ ਦੇ ਚੋਰੀਸ਼ੁਦਾ ਮੋਟਰਸਾਈਕਲ ’ਤੇ ਕੋਟਸ਼ਮੀਰ ਇਲਾਕੇ ਵਿੱਚ ਘੁੰਮ ਰਿਹਾ ਹੈ। ਸੂਚਨਾ ਦੇ ਆਧਾਰ ’ਤੇ ਪੁਲਿਸ ਵੱਲੋਂ ਗਹਿਰੀ ਭਾਗੀ ਨੂੰ ਜਾਂਦੇ ਕੱਚੇ ਰਸਤੇ ’ਤੇ ਨਾਕੇਬੰਦੀ ਕੀਤੀ ਗਈ। ਨਾਕੇਬੰਦੀ ਦੌਰਾਨ ਪੁਲਿਸ ਨੇ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ। ਅਦਾਲਤ ਵਿੱਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁੱਛਗਿੱਛ ਦੌਰਾਨ ਸੰਦੀਪ ਸਿੰਘ ਨੇ ਮੋਟਰਸਾਈਕਲ ਚੋਰੀ ਦੀਆਂ ਹੋਰ ਵਾਰਦਾਤਾਂ ਨੂੰ ਕਬੂਲ ਕਰਦਿਆਂ ਆਪਣੇ ਸਾਥੀ ਦੀ ਪਛਾਣ ਗਗਨਦੀਪ ਸਿੰਘ ਉਰਫ਼ ਗਗਨ ਉਰਫ਼ ਬਿੱਲਾ ਵਾਸੀ ਨਸੀਬਪੁਰਾ ਵਜੋਂ ਕਰਵਾਈ ਹੈ, ਜਿਹੜਾ ਮੋਟਰਸਾਈਕਲ ਚੋਰੀ ਕਰਨ ਵਿਚ ਉਸ ਦਾ ਸਾਥ ਦਿੰਦਾ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਅੱਠ ਹੋਰ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕਰ ਲਏ ਹਨ। ਪੁਲਿਸ ਅਨੁਸਾਰ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਮਾਮਲੇ ਵਿੱਚ ਥਾਣਾ ਸਦਰ ਬਠਿੰਡਾ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਇਸ ਕਾਰਵਾਈ ਦੌਰਾਨ ਪੁਲਿਸ ਪਾਰਟੀ ਵਿੱਚ ਮੁਨਸ਼ੀ ਕੁਲਦੀਪ ਸਿੰਘ ਭਾਗੀਵਾਂਦਰ ਸਮੇਤ ਹੋਰ ਕਰਮਚਾਰੀ ਆਦਿ ਮੌਜੂਦ ਸਨ।