ਸ੍ਰੀ ਦਮਦਮਾ ਸਾਹਿਬ ਦੀ ਧਰਤੀ ’ਤੇ ਸਫ਼ਾਈ ਵੱਲ ਧਿਆਨ ਦੇਣ ਦੀ ਲੋੜ
ਇਤਿਹਾਸਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ’ਤੇ ਸਫ਼ਾਈ ਵੱਲ ਧਿਆਨ ਦੀ ਲੋੜ
Publish Date: Thu, 05 Feb 2026 05:08 PM (IST)
Updated Date: Thu, 05 Feb 2026 05:11 PM (IST)

- ਸੜਕ ਕਿਨਾਰੇ ਰੂੜੀਆਂ ਚਿੰਤਾ ਦਾ ਵਿਸ਼ਾ ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਤਲਵੰਡੀ ਸਾਬੋ : ਸਿੱਖ ਧਰਮ ਦੇ ਪੰਜ ਤਖ਼ਤਾਂ ਵਿਚ ਸ਼ਾਮਲ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ’ਤੇ ਵੱਸਿਆ ਇਤਿਹਾਸਕ ਸ਼ਹਿਰ ਤਲਵੰਡੀ ਸਾਬੋ ਅੱਜ ਸਫ਼ਾਈ ਦੇ ਮਾਮਲੇ ਵਿਚ ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਸ਼ਹਿਰ ਦੇ ਮੁੱਖ ਰਸਤਿਆਂ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸੜਕਾਂ ਦੇ ਕਿਨਾਰੇ ਬਣੀਆਂ ਕੂੜੇ ਦੇ ਢੇਰ ਸ਼ਹਿਰ ਦੀ ਧਾਰਮਿਕ ਅਤੇ ਇਤਿਹਾਸਕ ਅਕਸ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਸੜਕਾਂ ਨਾਲ ਪਏ ਕੂੜੇ ਦੇ ਢੇਰਾਂ ਵਿਚ ਪਲਾਸਟਿਕ, ਘਰੇਲੂ ਕੂੜਾ ਅਤੇ ਪਸ਼ੂਆਂ ਦੀ ਗੰਦਗੀ ਸ਼ਾਮਲ ਹੈ, ਜੋ ਨਾ ਸਿਰਫ਼ ਦਿੱਖ ਨੂੰ ਖ਼ਰਾਬ ਕਰ ਰਹੀ ਹੈ, ਸਗੋਂ ਵਾਤਾਵਰਣ ਅਤੇ ਲੋਕਾਂ ਦੀ ਸਿਹਤ ਲਈ ਵੀ ਖ਼ਤਰਾ ਬਣ ਰਹੀ ਹੈ। ਇਨ੍ਹਾਂ ਰਸਤਿਆਂ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਬਦਬੂ ਅਤੇ ਉੱਡਦੇ ਕੂੜੇ ਕਾਰਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਲਾਕੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਰੂੜੀਆਂ ਹੁਣ ਅਸਥਾਈ ਨਹੀਂ ਰਹੀਆਂ। ਲੰਮੇ ਸਮੇਂ ਤਕ ਕੂੜਾ ਨਾ ਚੁੱਕੇ ਜਾਣ ਕਾਰਨ ਮੱਖੀਆਂ, ਮੱਛਰ ਅਤੇ ਆਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜੋ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਹੈ। ਬਾਹਰੋਂ ਆਉਣ ਵਾਲੀਆਂ ਸੰਗਤਾਂ ਅਤੇ ਰਾਹਗੀਰਾਂ ਮੁਤਾਬਕ ਧਾਰਮਿਕ ਮਹੱਤਤਾ ਵਾਲੇ ਸ਼ਹਿਰ ਵਿੱਚ ਅਜਿਹੇ ਦ੍ਰਿਸ਼ ਪਹਿਲਾ ਪ੍ਰਭਾਵ ਖ਼ਰਾਬ ਕਰਦੇ ਹਨ। ਸਮਾਜਿਕ ਤੌਰ ’ਤੇ ਸੂਝਵਾਨ ਵਰਗ ਦਾ ਮੰਨਣਾ ਹੈ ਕਿ ਸਫ਼ਾਈ ਸਰਕਾਰੀ ਪ੍ਰਬੰਧਾਂ ਦੇ ਨਾਲ-ਨਾਲ ਆਮ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਵੀ ਹੈ। ਇਤਿਹਾਸਕ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਇੱਥੇ ਸਫ਼ਾਈ ਅਤੇ ਸੁੰਦਰਤਾ ਉਸ ਮਿਆਰ ਦੀ ਹੋਵੇ, ਜੋ ਇਸ ਦੀ ਧਾਰਮਿਕ ਅਤੇ ਇਤਿਹਾਸਕ ਮਹਾਨਤਾ ਨੂੰ ਦਰਸਾਵੇ। ਮੌਜੂਦਾ ਦ੍ਰਿਸ਼ ਇਹ ਸੰਕੇਤ ਦੇ ਰਹੇ ਹਨ ਕਿ ਸਫ਼ਾਈ ਪੱਖੋਂ ਹੋਰ ਸੂਝ-ਬੂਝ ਅਤੇ ਲਗਾਤਾਰ ਧਿਆਨ ਦੀ ਲੋੜ ਹੈ।