ਵਿਸ਼ਵ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਕੈਂਪ ਲਾਇਆ
ਵਿਸ਼ਵ ਕੈਂਸਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ
Publish Date: Thu, 05 Feb 2026 05:01 PM (IST)
Updated Date: Thu, 05 Feb 2026 05:02 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਵਿਸ਼ਵ ਕੈਂਸਰ ਦਿਵਸ ਮੌਕੇ 13 ਪੰਥ ਭਵਨ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਸਿਹਤ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਔਰਤਾਂ ਲਈ ਬੱਚੇਦਾਨੀ ਅਤੇ ਛਾਤੀ ਦੇ ਕੈਂਸਰ ਦੀ ਸਕ੍ਰੀਨਿੰਗ ਕੀਤੀ ਗਈ। ਇਸ ਤੋਂ ਇਲਾਵਾ ਸ਼ੂਗਰ ਅਤੇ ਖੂਨ ਦੀ ਜਾਂਚ ਵੀ ਕੀਤੀ ਗਈ। ਕੈਂਪ ਅਖਿਲ ਭਾਰਤੀ 13 ਪੰਥ ਮਹਿਲਾ ਮੰਡਲ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਕੈਂਸਰ ਦੀ ਸਮੇਂ ਸਿਰ ਪਛਾਣ ਕਰ ਕੇ ਇਲਾਜ ਸੰਭਵ ਹੋ ਸਕੇ ਅਤੇ ਮੌਤਾਂ ਦੀ ਦਰ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਰੀਰ ਦੇ ਕਿਸੇ ਹਿੱਸੇ ਵਿਚ ਗਿਲਟੀ, ਲਗਾਤਾਰ ਖੰਘ, ਆਵਾਜ਼ ਵਿਚ ਭਾਰੀਪਣ, ਪਾਚਨ ਸਬੰਧੀ ਸਮੱਸਿਆਵਾਂ, ਮਾਹਵਾਰੀ ਵਿਚ ਅਸਧਾਰਣ ਖੂਨ ਵਗਣਾ ਆਦਿ ਕੈਂਸਰ ਦੇ ਲੱਛਣ ਹੋ ਸਕਦੇ ਹਨ। ਡਾ. ਸੀਮਾ ਗੁਪਤਾ ਨੇ ਕਿਹਾ ਕਿ ਬਦਲਦੀ ਜੀਵਨਸ਼ੈਲੀ, ਤੰਬਾਕੂ ਅਤੇ ਸਿਗਰਟ ਦੇ ਸੇਵਨ ਨਾਲ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਡਾ. ਵੰਦਨਾ ਮਿੱਡਾ ਨੇ ਦੱਸਿਆ ਕਿ ਜੱਚਾ-ਬੱਚਾ ਹਸਪਤਾਲ ਬਠਿੰਡਾ ਵਿੱਚ ਛਾਤੀ ਅਤੇ ਸਰਵਿਕਲ ਕੈਂਸਰ ਦੀ ਜਾਂਚ ਮੁਫ਼ਤ ਕੀਤੀ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 30 ਸਾਲ ਦੀ ਉਮਰ ਤੋਂ ਬਾਅਦ ਸਾਲਾਨਾ ਜਾਂਚ ਕਰਵਾਉਣ ਅਤੇ ਲੋੜ ਪੈਣ ’ਤੇ ਟੋਲ ਫਰੀ ਨੰਬਰ 104 ਤੋਂ ਜਾਣਕਾਰੀ ਪ੍ਰਾਪਤ ਕਰਨ।