ਯਾਦਵਿੰਦਰਾ ਕਾਲਜ ’ਚ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਯਾਦਵਿੰਦਰਾ ਕਾਲਜ ਵਿਖੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ
Publish Date: Thu, 05 Feb 2026 04:59 PM (IST)
Updated Date: Thu, 05 Feb 2026 05:02 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ
ਤਲਵੰਡੀ ਸਾਬੋ : ਵਿਸ਼ਵ ਕੈਂਸਰ ਦਿਵਸ ਮੌਕੇ ਸਮਾਜ ’ਚ ਤੇਜ਼ੀ ਨਾਲ ਵੱਧ ਰਹੀ ਕੈਂਸਰ ਦੀ ਭਿਆਨਕ ਬਿਮਾਰੀ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਗੁਲਦਸਤਾ ਕਲਚਰ ਐਂਡ ਵੈੱਲਫੇਅਰ ਸੁਸਾਇਟੀ ਤਲਵੰਡੀ ਸਾਬੋ ਅਤੇ ਐੱਨਪੀ/ਐੱਮਸੀਡੀ ਕਲੀਨਿਕ ਤਲਵੰਡੀ ਸਾਬੋ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਯਾਦਵਿੰਦਰਾ ਕਾਲਜ ਵਿਚ ਵਿਸ਼ੇਸ਼ ਕੈਂਸਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸੀਨੀਅਰ ਮੈਡੀਕਲ ਅਫ਼ਸਰ ਤਲਵੰਡੀ ਸਾਬੋ ਡਾ. ਰਵੀ ਕਾਂਤ ਗੁਪਤਾ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਮੌਕੇ ਬਠਿੰਡਾ ਜ਼ਿਲ੍ਹੇ ਦੇ ਕੈਂਸਰ ਨੂੰ ਹਰਾਉਣ ਵਾਲੇ ਕਈ ਯੋਧਿਆਂ ਦਾ ਸਨਮਾਨ ਕਰ ਕੇ ਉਨ੍ਹਾਂ ਦੇ ਹੌਸਲੇ ਅਤੇ ਜ਼ਿੰਦਗੀ ਨਾਲ ਜਿੱਤ ਦੇ ਸਫ਼ਰ ਨੂੰ ਸਲਾਮ ਕੀਤਾ ਗਿਆ। ਡਾ. ਰਵੀ ਕਾਂਤ ਗੁਪਤਾ ਨੇ ਕਿਹਾ ਕਿ ਕੈਂਸਰ ਤੋਂ ਡਰਨ ਦੀ ਬਜਾਏ ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਪਛਾਣ ਹੋ ਜਾਣ ’ਤੇ ਕੈਂਸਰ ਦਾ ਇਲਾਜ ਸੰਭਵ ਹੈ। ਉਨ੍ਹਾਂ ਤੰਬਾਕੂ, ਸ਼ਰਾਬ ਅਤੇ ਨਸ਼ੀਲੀਆਂ ਚੀਜ਼ਾਂ ਤੋਂ ਦੂਰ ਰਹਿਣ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਦੀ ਅਪੀਲ ਕੀਤੀ। ਪ੍ਰੋਗਰਾਮ ਦੌਰਾਨ ਵੱਖ-ਵੱਖ ਡਾਕਟਰੀ ਟੀਮਾਂ ਨੇ ਕੈਂਸਰ ਦੇ ਲੱਛਣਾਂ, ਕਾਰਨਾਂ ਅਤੇ ਰੋਕਥਾਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਕੈਂਸਰ ਨੂੰ ਹਰਾਉਣ ਵਾਲੀ ਇੱਕ ਮਹਿਲਾ ਖਿਡਾਰਨ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਲੋਕਾਂ ਨੂੰ ਹੌਸਲਾ ਦਿੱਤਾ ਕਿ ਦ੍ਰਿੜ ਇਰਾਦੇ ਨਾਲ ਕੈਂਸਰ ਨੂੰ ਹਰਾਇਆ ਜਾ ਸਕਦਾ ਹੈ। ਇਸ ਮੌਕੇ ਗੁਲਦਸਤਾ ਕਲਚਰ ਐਂਡ ਵੈੱਲਫੇਅਰ ਸੁਸਾਇਟੀ ਦੀ ਪ੍ਰਬੰਧਕ ਸਿਮਰਦੀਪ ਕੌਰ ਬਹਿਣੀਵਾਲ ਅਤੇ ਟੀਮ ਵੱਲੋਂ ਆਏ ਮਹਿਮਾਨਾਂ ਅਤੇ ਡਾਕਟਰੀ ਮਾਹਿਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾ. ਜਸਵੀਰ ਕੌਰ, ਡਾ. ਅਮਨਦੀਪ ਸਿੰਘ ਸੇਠੀ, ਅਨਵਰ ਖਾਨ ਕੈਂਸਰ ਡਾਇਟ ਮਾਹਿਰ ਸਮੇਤ ਕਈ ਹੋਰ ਹਸਤੀਆਂ ਆਦਿ ਹਾਜ਼ਰ ਸਨ।