ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਕੀਤਾ ਜਾਗਰੂਕ
ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ
Publish Date: Thu, 05 Feb 2026 04:48 PM (IST)
Updated Date: Thu, 05 Feb 2026 04:50 PM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਬਲਾਕ ਸੰਗਤ ਦੀਆਂ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਡਾ. ਪਾਮਿਲ ਬਾਂਸਲ ਨੇ ਦੱਸਿਆ ਕਿ ਕੈਂਸਰ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ। ਕੈਂਸਰ ਦੀ ਬਿਮਾਰੀ ਦੇ ਲੱਛਣਾਂ ਵਿਚ ਛਾਤੀ ਵਿਚ ਗਿਲਟੀ/ਗੰਢ, ਹਾਲ ਹੀ ਵਿਚ ਨਿਪਲ ਦਾ ਅੰਦਰ ਧਸਣਾ, ਨਿਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਸੰਭੋਗ ਤੋਂ ਬਾਅਦ ਖੂਨ ਵਗਣਾ, ਗੁਪਤ ਅੰਗ ਵਿੱਚੋਂ ਪੀਕ ਵਗਣਾ, ਮਾਹਾਵਾਰੀ ਦੌਰਾਨ ਬੇਹਦ ਖੂਨ ਪੈਣਾ, ਮੂੰਹ/ਮਸੂੜੇ/ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖਮ, ਪੁਰਾਣੇ ਜਖਮ ਵਿੱਚੋਂ ਖੂਨ ਵਗਣਾ, ਭੁੱਖ ਤੇ ਵਜਨ ਘਟਣ ਦੇ ਨਾਲ-ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ, ਟੱਟੀ ਵਿਚ ਬਿਨਾਂ ਦਰਦ ਖੂਨ ਆਉਣਾ, ਬਿਨਾਂ ਕਾਰਣ ਇਕ ਲ਼ਖਤ ਵਜਨ ਘੱਟ ਜਾਣਾ, ਖੂਨ ਦੀ ਕਮੀ(ਐਨੀਮੀਆ) ਟੱਟੀ ਆਦਿ ਵਿੱਚ ਇਕ ਲਖਤ ਬਦਲਾਅ, ਕਿਸੇ ਕੁਦਰਤੀ ਛੇਦ ਵਿੱਚੋਂ ਬਿਨਾਂ ਵਜਾਹ ਖੂਨ ਵਗਣਾ, ਬਿਨਾਂ ਵਜ੍ਹਾ ਤਿੰਨ ਮਹੀਨਿਆਂ ਤੋਂ ਵੱਧ ਬੁਖਾਰ, ਦਰਦ ਬਿਨਾਂ ਪਿਸ਼ਾਬ ਵਿੱਚ ਖੂਨ, ਪਿਸ਼ਾਬ ਵਿਚ ਰੁਕਾਵਟ, 50 ਸਾਲ ਤੋਂ ਵੱਡੇ ਪੁਰਸ਼ ਨੂੰ ਰਾਤ ਨੂੰ ਵਾਰ ਵਾਰ ਪਿਸ਼ਾਬ ਆਉਣਾ ਆਦਿ ਲੱਛਣ ਸ਼ਾਮਿਲ ਹਨ। ਇਸ ਮੌਕੇ ਸਾਹਿਲ ਪੁਰੀ ਬੀਈਈ ਨੇ ਕਿਹਾ ਕਿ ਸਮਾਜ ਵਿਚ ਕੈਂਸਰ ਵਧਣ ਦੇ ਮੁੱਖ ਕਾਰਨ ਮਾਂਵਾਂ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਨਾ ਚੁਘਾਉਣਾ, ਧੂੰਏ ਵਾਲੇ ਤੰਬਾਕੂ ਬੀੜੀ, ਸਿਗਰਟ/ਹੁੱਕਾ/ਚਿਲਮ ਆਦਿ ਦਾ ਸੇਵਨ, ਧੂੰਆਂ ਰਹਿਤ ਤੰਬਾਕੂ ਜਰਦਾ/ਗੁਟਕਾ/ਪਾਨ ਮਸਾਲਾ ਆਦਿ ਦਾ ਸੇਵਨ, ਪਲਾਸਟਿਕ ਕੱਪਾਂ ਜਾਂ ਭਾਂਡਿਆਂ ਵਿਚ ਗਰਮ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ, ਸ਼ਰਾਬ ਪੀਣਾ ਅਤੇ ਗਰਭ ਰੋਕੂ ਗੋਲੀਆਂ 45 ਸਾਲ ਦੀ ਉਮਰ ਤੋਂ ਉਪਰ ਲਈ ਹਨ। ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ 1,50,000/- ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿੱਥੇ ਮਰੀਜ ਦਾ ਇਲਾਜ ਚੱਲ ਰਿਹਾ ਹੋਵੇ।