ਨਿਗਮ ਦਫ਼ਤਰ ਦੇ ਰਿਕਾਰਡ ਰੂਮ ’ਚ ਲੱਗੀ ਅੱਗ ਦੀ ਫੋਰੈਂਸਿਕ ਜਾਂਚ ਸ਼ੁਰੂ
ਨਗਰ ਨਿਗਮ ਦਫ਼ਤਰ ਦੇ ਰਿਕਾਰਡ ਰੂਮ ਵਿੱਚ ਲੱਗੀ ਅੱਗ ਦੀ ਫੋਰੈਂਸਿਕ ਜਾਂਚ ਸ਼ੁਰੂ
Publish Date: Thu, 05 Feb 2026 04:35 PM (IST)
Updated Date: Thu, 05 Feb 2026 04:38 PM (IST)

- ਰਿਕਾਰਡ ਰੂਮ ’ਚ ਅੱਗ ਨਹੀਂ, ਸੱਚ ਸਾੜਨ ਦੀ ਕੋਸ਼ਿਸ਼ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਨਗਰ ਨਿਗਮ ਬਠਿੰਡਾ ਦੇ ਦਫ਼ਤਰ ਸਥਿਤ ਰਿਕਾਰਡ ਰੂਮ ਵਿੱਚ 30 ਜਨਵਰੀ ਦੀ ਦੇਰ ਸ਼ਾਮ ਲੱਗੀ ਰਹੱਸਮਈ ਅੱਗ ਦੇ ਮਾਮਲੇ ਨੇ ਹੁਣ ਗੰਭੀਰ ਮੋੜ ਧਾਰ ਲਿਆ ਹੈ। ਵੀਰਵਾਰ ਨੂੰ ਬਠਿੰਡਾ ਪੁਲਿਸ ਦੀ ਫੋਰੈਂਸਿਕ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਅੱਗ ਨਾਲ ਸਬੰਧਿਤ ਸਬੂਤ ਇਕੱਠੇ ਕੀਤੇ। ਇਸ ਅਗਜ਼ਨੀ ਦੀ ਘਟਨਾ ਨੇ ਨਾ ਸਿਰਫ਼ ਨਿਗਮ ਦੀ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ, ਸਗੋਂ ਨਿਗਮ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਲਾਪ੍ਰਵਾਹੀ ਵੀ ਬੇਨਕਾਬ ਹੋ ਗਈ ਹੈ। ਥਾਣਾ ਕੋਤਵਾਲੀ ਦੀ ਪੁਲਿਸ ਟੀਮ ਵੀ ਫੋਰੈਂਸਿਕ ਅਧਿਕਾਰੀਆਂ ਦੇ ਨਾਲ ਮੌਕੇ ’ਤੇ ਮੌਜੂਦ ਰਹੀ। ਜਾਂਚ ਦੌਰਾਨ ਨਿਗਮ ਦੇ ਕਈ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਪੁੱਛਗਿੱਛ ਕੀਤੀ ਗਈ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕੋਈ ਵੀ ਕਰਮਚਾਰੀ ਫੋਰੈਂਸਿਕ ਅਤੇ ਪੁਲਿਸ ਟੀਮ ਦੇ ਸਵਾਲਾਂ ਦਾ ਸੰਤੋਸ਼ਜਨਕ ਜਵਾਬ ਨਹੀਂ ਦੇ ਸਕਿਆ। ਖਾਸ ਕਰ ਕੇ ਰਿਕਾਰਡ ਰੂਮ ਦੀ ਬਿਜਲੀ ਸਪਲਾਈ ਸਬੰਧੀ ਪੁੱਛੇ ਗਏ ਸਵਾਲਾਂ ’ਤੇ ਨਿਗਮ ਕਰਮਚਾਰੀ ਪੂਰੀ ਤਰ੍ਹਾਂ ਅਸਹਿਜ਼ ਨਜ਼ਰ ਆਏ। - ਮਹੱਤਵਪੂਰਨ ਵਿਭਾਗਾਂ ਦਾ ਰਿਕਾਰਡ ਸੜ ਕੇ ਖ਼ਾਕ ਇਸ ਰਿਕਾਰਡ ਰੂਮ ਵਿੱਚ ਨਗਰ ਨਿਗਮ ਦੀ ਲੇਖਾ ਸ਼ਾਖਾ (ਅਕਾਊਂਟ ਬ੍ਰਾਂਚ) ਅਤੇ ਵਰਕਰਜ਼ ਬ੍ਰਾਂਚ ਨਾਲ ਸਬੰਧਿਤ ਕਈ ਸਾਲਾਂ ਪੁਰਾਣਾ ਮਹੱਤਵਪੂਰਨ ਰਿਕਾਰਡ ਰੱਖਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਕਈ ਫਾਈਲਾਂ, ਰਜਿਸਟਰ ਅਤੇ ਦਸਤਾਵੇਜ਼ ਪੂਰੀ ਤਰ੍ਹਾਂ ਸੜ ਕੇ ਰਾਖ ਹੋ ਗਏ। ਇਨ੍ਹਾਂ ਵਿੱਚ ਕਰਮਚਾਰੀਆਂ ਦੀਆਂ ਸੇਵਾ ਪੁਸਤਿਕਾਵਾਂ, ਭੁਗਤਾਨ ਨਾਲ ਜੁੜੇ ਕਾਗਜ਼ਾਤ, ਠੇਕੇ ਅਤੇ ਵਿੱਤੀ ਲੈਣ-ਦੇਣ ਦਾ ਰਿਕਾਰਡ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰਿਕਾਰਡ ਸੜ ਜਾਣ ਕਾਰਨ ਨਿਗਮ ਦੇ ਕਈ ਮਾਮਲਿਆਂ ਵਿੱਚ ਕਾਨੂੰਨੀ ਅਤੇ ਪ੍ਰਸ਼ਾਸਕੀ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਹੱਤਵਪੂਰਨ ਰਿਕਾਰਡ ਬਿਨਾਂ ਕਿਸੇ ਡਿਜ਼ੀਟਲ ਬੈਕਅੱਪ ਦੇ ਇੱਕ ਹੀ ਕਮਰੇ ਵਿੱਚ ਰੱਖਣਾ ਆਪਣੇ ਆਪ ਵਿੱਚ ਵੱਡੀ ਲਾਪ੍ਰਵਾਹੀ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਰਿਕਾਰਡ ਰੂਮ ਵਿਚ ਅੱਗ ਲੱਗਣ ਦੀ ਘਟਨਾ ਉੱਪਰ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਵਾਲ ਚੁੱਕਦਿਆਂ ਜਾਂਚ ਦੀ ਮੰਗ ਕੀਤੀ ਸੀ। - ਰਿਕਾਰਡ ਰੂਮ ’ਚ ਅੱਗ ਲੱਗਣ ਨਾਲ ਸ਼ੱਕ ਹੋਰ ਡੂੰਘਾ ਨਗਰ ਨਿਗਮ ਬਠਿੰਡਾ ਵਿੱਚ ਸਾਲ 2024 ਦੌਰਾਨ ਨਿਗਮ ਦੇ ਵਾਹਨਾਂ ਵਿੱਚ ਡੀਜ਼ਲ-ਪੈਟਰੋਲ ਭਰਵਾਉਣ ਦੇ ਨਾਂ ’ਤੇ ਕਰੋੜਾਂ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤਤਕਾਲੀ ਨਗਰ ਨਿਗਮ ਕਮਿਸ਼ਨਰ ਰਾਹੁਲ ਵੱਲੋਂ ਵਿਜੀਲੈਂਸ ਵਿਭਾਗ ਨੂੰ ਪੱਤਰ ਲਿਖ ਕੇ ਜਾਂਚ ਦੀ ਸਿਫ਼ਾਰਸ਼ ਕੀਤੀ ਗਈ ਸੀ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਬਠਿੰਡਾ ਨੇ ਜਾਂਚ ਸ਼ੁਰੂ ਕਰਦੇ ਹੋਏ ਨਗਰ ਨਿਗਮ ਨਾਲ ਸਬੰਧਤ ਰਿਕਾਰਡ ਤਲਬ ਕਰ ਲਿਆ। ਸ਼ੁਰੂਆਤ ਵਿੱਚ ਕੁਝ ਨਿਗਮ ਅਧਿਕਾਰੀਆਂ ਵੱਲੋਂ ਵਿਜੀਲੈਂਸ ਨਾਲ ਮਿਲ ਕੇ ਜਾਂਚ ਦੀ ਰਫ਼ਤਾਰ ਹੌਲੀ ਕਰਨ ਦੇ ਦੋਸ਼ ਵੀ ਸਾਹਮਣੇ ਆਏ। ਹਾਲਾਂਕਿ ਹਾਲ ਹੀ ਵਿੱਚ ਜਾਂਚ ਅਧਿਕਾਰੀਆਂ ਦੇ ਬਦਲੇ ਜਾਣ ਤੋਂ ਬਾਅਦ ਜਾਂਚ ਨੇ ਮੁੜ ਤੇਜ਼ੀ ਫੜੀ ਹੈ। ਵਿਜੀਲੈਂਸ ਵਿਭਾਗ ਵੱਲੋਂ ਨਿਗਮ ਨੂੰ ਵਾਰ-ਵਾਰ ਪੱਤਰ ਭੇਜ ਕੇ ਪੂਰਾ ਰਿਕਾਰਡ ਅਤੇ ਬਿੱਲ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾ ਰਹੇ ਸਨ। ਇਸੀ ਕੜੀ ਵਿੱਚ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੇ ਸਾਰੀਆਂ ਬ੍ਰਾਂਚਾਂ ਦੇ ਅਧਿਕਾਰੀਆਂ ਦੀ ਮੀਟਿੰਗ ਕਰ ਕੇ ਵਿਜੀਲੈਂਸ ਨੂੰ ਰਿਕਾਰਡ ਉਪਲਬਧ ਕਰਵਾਉਣ ਦੇ ਹੁਕਮ ਦਿੱਤੇ ਸਨ। ਪਰ ਬੀਤੀ ਸ਼ੁੱਕਰਵਾਰ ਨੂੰ ਅਚਾਨਕ ਉਸੇ ਰਿਕਾਰਡ ਰੂਮ ਵਿੱਚ ਅੱਗ ਲੱਗ ਗਈ, ਜਿੱਥੇ ਅਕਾਊਂਟ ਬ੍ਰਾਂਚ ਨਾਲ ਸਬੰਧਿਤ ਸਾਰੇ ਬਿਲ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ ਰੱਖੇ ਗਏ ਸਨ। ਇਸ ਘਟਨਾ ਨੇ ਪੂਰੇ ਮਾਮਲੇ ਨੂੰ ਹੋਰ ਵੀ ਸ਼ੱਕੀ ਬਣਾ ਦਿੱਤਾ ਹੈ।