ਕਰਮਚਾਰੀਆਂ ਵੱਲੋਂ ਸ਼ੇਖਪੁਰਾ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ
ਕਰਮਚਾਰੀਆਂ ਵੱਲੋਂ ਸ਼ੇਖਪੁਰਾ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ
Publish Date: Thu, 05 Feb 2026 04:31 PM (IST)
Updated Date: Thu, 05 Feb 2026 04:35 PM (IST)

- ਕਰਮਚਾਰੀਆਂ ਵੱਲੋਂ ਸ਼ੇਖਪੁਰਾ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਮੁਕੇਸ਼ ਸੋਨੀ, ਪੰਜਾਬੀ ਜਾਗਰਣ ਰਾਮਾਂ ਮੰਡੀ : ਮੌੜ-ਤਲਵੰਡੀ ਰੋਡ ਸਥਿਤ ਐੱਨਐੱਚ-254 ਦੇ ਸ਼ੇਖਪੁਰਾ ਟੋਲ ਪਲਾਜ਼ਾ ’ਤੇ ਕੰਮ ਕਰਦੇ ਕਰਮਚਾਰੀਆਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਵਧਦਾ ਜਾ ਰਿਹਾ ਹੈ। ਕਰਮਚਾਰੀਆਂ ਨੇ ਦੱਸਿਆ ਕਿ ਘੱਟ ਤਨਖਾਹ, ਪੀਐੱਫ ਦੀ ਸੁਵਿਧਾ ਨਾ ਮਿਲਣਾ, ਸਟਾਫ਼ ਦੀ ਕਮੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਵਰਗੀਆਂ ਗੰਭੀਰ ਸਮੱਸਿਆਵਾਂ ਕਾਫ਼ੀ ਸਮੇਂ ਤੋਂ ਚੱਲ ਰਹੀਆਂ ਹਨ। ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਦੀ ਅਗਵਾਈ ਹੇਠ 18 ਜਨਵਰੀ 2026 ਨੂੰ ਆਰਈਐੱਨਯੂ ਟੋਲ ਪਲਾਜ਼ਾ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਇਹ ਮੰਗਾਂ ਰੱਖੀਆਂ ਗਈਆਂ ਸਨ। ਮੀਟਿੰਗ ਦੌਰਾਨ ਕੰਪਨੀ ਵੱਲੋਂ ਭਰੋਸਾ ਤਾਂ ਦਿੱਤਾ ਗਿਆ ਪਰ ਕਿਸੇ ਵੀ ਮੰਗ ’ਤੇ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਇਸ ਤੋਂ ਬਾਅਦ 28 ਜਨਵਰੀ 2026 ਨੂੰ ਯੂਨੀਅਨ ਵੱਲੋਂ ਦੁਬਾਰਾ ਮੰਗ ਪੱਤਰ ਸੌਂਪਿਆ ਗਿਆ। ਕਰਮਚਾਰੀਆਂ ਨੇ ਦਰਖ਼ਾਸਤ ਰਾਹੀਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਵਾਜ਼ਿਬ ਮੰਗਾਂ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਪੂਰਾ ਕੀਤਾ ਜਾਵੇ। ਯੂਨੀਅਨ ਨੇ ਸਪੱਸ਼ਟ ਚਿਤਾਵਨੀ ਦਿੱਤੀ ਹੈ ਕਿ ਜੇਕਰ ਨਿਰਧਾਰਤ ਸਮੇਂ ਵਿੱਚ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਟੋਲ ਪਲਾਜ਼ਾ ਵਰਕਰ ਯੂਨੀਅਨ ਪੰਜਾਬ ਰਜਿਸਟਰਡ (17) ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਸ਼ੇਖਪੁਰਾ ਟੋਲ ਪਲਾਜ਼ਾ ਪ੍ਰਧਾਨ ਗੁਰਦੀਪ ਸਿੰਘ, ਜਨਰਲ ਸਕੱਤਰ ਹਰਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਦਲਜੀਤ ਸਿੰਘ ਅਤੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੋਲ ਪਲਾਜ਼ਾ ਬੰਦ ਕਰ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਯੂਨੀਅਨ ਨੇ ਕਿਹਾ ਕਿ ਟੋਲ ਪਲਾਜ਼ਾ ਬੰਦ ਦੌਰਾਨ ਸਮੂਹ ਸਟਾਫ ਦੀ ਬਣਦੀ ਤਨਖਾਹ, ਫੰਡਾਂ ਦੀ ਪੂਰਤੀ ਅਤੇ ਕਿਸੇ ਵੀ ਕਿਸਮ ਦੇ ਜਾਨ-ਮਾਲ ਦੇ ਨੁਕਸਾਨ ਦੀ ਪੂਰੀ ਜ਼ਿੰਮੇਵਾਰੀ ਟੋਲ ਕੰਪਨੀ ਦੀ ਹੋਵੇਗੀ।