ਗੋਨਿਆਣਾ ਰੋਡ ’ਤੇ ਸਥਿਤ ਪਾਰਕਿੰਗ ਦਾ ਹੋਵੇਗਾ ਸੁੰਦਰੀਕਰਨ
ਗੋਨਿਆਣਾ ਰੋਡ ’ਤੇ ਸਥਿਤ ਪਾਰਕਿੰਗ ਦਾ ਹੋਵੇਗਾ ਸੁੰਦਰੀਕਰਨ
Publish Date: Thu, 05 Feb 2026 04:29 PM (IST)
Updated Date: Thu, 05 Feb 2026 04:32 PM (IST)

- ਪਾਰਕਿੰਗ ਦਾ ਹੋਵੇਗਾ ਸੁੰਦਰੀਕਰਨ, ਆਧੁਨਿਕ ਸੁਵਿਧਾਵਾਂ ਨਾਲ ਸਜਾਇਆ ਜਾਵੇਗਾ ਖੇਤਰ : ਜਤਿੰਦਰ ਭੱਲਾ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਸ਼ਹਿਰ ਦੀ ਸੁੰਦਰਤਾ ਨੂੰ ਹੋਰ ਨਿਖਾਰਨ ਅਤੇ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਗੋਨਿਆਣਾ ਰੋਡ ’ਤੇ ਸਥਿਤ ਪਾਰਕਿੰਗ ਦਾ ਵਿਸ਼ਾਲ ਪੱਧਰ ’ਤੇ ਸੁੰਦਰੀਕਰਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਪਾਰਕਿੰਗ ਖੇਤਰ ਨੂੰ ਆਧੁਨਿਕ ਢੰਗ ਨਾਲ ਤਿਆਰ ਕਰ ਕੇ ਸ਼ਹਿਰ ਦੀ ਦਿੱਖ ਨੂੰ ਹੋਰ ਆਕਰਸ਼ਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੋਨਿਆਣਾ ਰੋਡ ਸ਼ਹਿਰ ਦਾ ਇੱਕ ਮਹੱਤਵਪੂਰਨ ਅਤੇ ਵਿਆਸਤ ਇਲਾਕਾ ਹੈ, ਜਿੱਥੇ ਦਿਨ ਭਰ ਵੱਡੀ ਗਿਣਤੀ ਵਿੱਚ ਲੋਕਾਂ ਦੀ ਆਵਾਜਾਈ ਰਹਿੰਦੀ ਹੈ। ਇਸ ਖੇਤਰ ਵਿੱਚ ਸੁਚੱਜੀ ਅਤੇ ਸੁੰਦਰ ਪਾਰਕਿੰਗ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ, ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਸੁਧਾਰ ਟਰਸਟ ਵੱਲੋਂ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਰਕਿੰਗ ਦੇ ਸੁੰਦਰੀਕਰਨ ਤਹਿਤ ਇੱਥੇ ਉੱਚ ਗੁਣਵੱਤਾ ਵਾਲੀਆਂ ਇੰਟਰਲਾਕਿੰਗ ਟਾਈਲਾਂ ਲਾਈਆਂ ਜਾਣਗੀਆਂ, ਜਿਸ ਨਾਲ ਨਾ ਸਿਰਫ ਪਾਰਕਿੰਗ ਮਜ਼ਬੂਤ ਅਤੇ ਟਿਕਾਊ ਬਣੇਗੀ, ਸਗੋਂ ਸਫ਼ਾਈ ਅਤੇ ਸੰਭਾਲ ਵੀ ਆਸਾਨ ਹੋਵੇਗੀ। ਇਸ ਤੋਂ ਇਲਾਵਾ ਪਾਰਕਿੰਗ ਖੇਤਰ ਨੂੰ ਸੁੰਦਰ ਅਤੇ ਸੁਰੱਖਿਅਤ ਬਣਾਉਣ ਲਈ ਆਧੁਨਿਕ ਡਿਜ਼ਾਈਨ ਵਾਲੀਆਂ ਲਾਈਟਾਂ ਲਾਈਆਂ ਜਾਣਗੀਆਂ, ਜੋ ਰਾਤ ਦੇ ਸਮੇਂ ਚੰਗੀ ਰੋਸ਼ਨੀ ਦੇ ਨਾਲ-ਨਾਲ ਖੇਤਰ ਦੀ ਖੂਬਸੂਰਤੀ ਨੂੰ ਵੀ ਨਿਖਾਰਣਗੀਆਂ। ਜਤਿੰਦਰ ਭੱਲਾ ਨੇ ਕਿਹਾ ਕਿ ਪਾਰਕਿੰਗ ਦੀ ਸੁੰਦਰਤਾ ਸ਼ਹਿਰ ਦੀ ਸਮੁੱਚੀ ਸੁੰਦਰਤਾ ਨੂੰ ਚਾਰ ਚੰਨ ਲਾਵੇਗੀ। ਉਨ੍ਹਾਂ ਦੇ ਅਨੁਸਾਰ ਜਦੋਂ ਸ਼ਹਿਰ ਦੇ ਪ੍ਰਵੇਸ਼ ਮਾਰਗ ਅਤੇ ਮੁੱਖ ਸੜਕਾਂ ਸੁਚੱਜੇ ਅਤੇ ਆਕਰਸ਼ਕ ਹੋਣਗੇ ਤਾਂ ਇਸ ਦਾ ਸਕਾਰਾਤਮਕ ਪ੍ਰਭਾਵ ਸ਼ਹਿਰ ਦੀ ਛਵੀ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਨਗਰ ਸੁਧਾਰ ਟਰਸਟ ਵੱਲੋਂ ਪੂਰੀ ਜ਼ਿੰਮੇਵਾਰੀ ਨਾਲ ਸਿਰੇ ਚਾੜ੍ਹਿਆ ਜਾਵੇਗਾ ਅਤੇ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਚੇਅਰਮੈਨ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਆਮ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਪਾਰਕਿੰਗ ਸਬੰਧੀ ਆ ਰਹੀਆਂ ਸਮੱਸਿਆਵਾਂ ਵਿੱਚ ਕਾਫੀ ਹੱਦ ਤਕ ਸੁਧਾਰ ਹੋਵੇਗਾ। ਇਸ ਨਾਲ ਟ੍ਰੈਫਿਕ ਵਿਵਸਥਾ ਵੀ ਬਿਹਤਰ ਬਣੇਗੀ ਅਤੇ ਸੜਕ ’ਤੇ ਬੇਤਰਤੀਬ ਪਾਰਕਿੰਗ ਕਾਰਨ ਹੋ ਰਹੀਆਂ ਮੁਸ਼ਕਿਲਾਂ ਘਟਣਗੀਆਂ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਦੇ ਵਿਕਾਸਮੁਖੀ ਪ੍ਰਾਜੈਕਟ ਲਾਗੂ ਕਰਨ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਬਠਿੰਡਾ ਨੂੰ ਇੱਕ ਸੁਚੱਜਾ, ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕੇ। ਇਸ ਮੌਕੇ ਬੇਅੰਤ ਕੌਰ ਟਰੱਸਟ ਇੰਜੀਨੀਅਰ, ਸਰੂਪ ਕੌਰ ਸੀਨੀਅਰ ਸਹਾਇਕ, ਮਾਨਵ ਗਰਗ ਸਹਾਇਕ ਟਰੱਸਟ ਇੰਜੀਨੀਅਰ, ਗਗਨਦੀਪ ਸਿੰਘ ਜੇਈ ਅਤੇ ਗੌਤਮ ਸੋਖ਼ਲ ਕਲਰਕ ਤੋਂ ਇਲਾਵਾ ਰਤਨ ਸ਼ਾਮ ਢਾਬਾ, ਨਰਿੰਦਰ ਸ਼ਾਮ ਢਾਬਾ, ਹਰੀਸ਼ ਹੋਮ ਮੇਕਰ, ਐਮਸੀ ਕਮਲੇਸ਼ ਮਹਿਰਾ, ਰਾਜ ਮਹਿਰਾ, ਪ੍ਰਵੀਨ ਗੋਇਲ, ਜਨਕ ਰਾਜ, ਅਮਿਤ ਮਹਿਤਾ, ਸੰਜੀਵ ਸਿੰਗਲਾ, ਅਸ਼ੋਕ ਗਰਗ, ਸਤਪਾਲ ਮਹਾਜਨ, ਕਰਨ ਮਹਿਰਾ, ਕਪੁਰ ਚੰਦ, ਹੈਪੀ ਠੇਕੇਦਾਰ, ਹਰੀਸ਼ ਠੇਕੇਦਾਰ, ਧਰਮ ਸਿੰਘ, ਸ਼ਾਮ ਢਾਬਾ ਆਦਿ ਹਾਜ਼ਰ ਸਨ।