ਪੰਜਾਬੀ ਸਾਹਿਤ ਸਭਾ ਨੇ ਕੀਤੀ ਮਹੀਨਾਵਾਰ ਮੀਟਿੰਗ
ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Wed, 04 Feb 2026 07:00 PM (IST)
Updated Date: Thu, 05 Feb 2026 04:08 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੀ ਮਹੀਨਾਵਾਰ ਸਾਹਿਤਕ ਮੀਟਿੰਗ ਸਭਾ ਦੇ ਸਰਪ੍ਰਸਤ ਗੁਰਦੇਵ ਖੋਚਰ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿਚ ਸਾਹਿਤਕ ਰਚਨਾਵਾਂ ਦਾ ਪ੍ਰਭਾਵਸ਼ਾਲੀ ਦੌਰ ਚੱਲਿਆ। ਮੀਟਿੰਗ ਦੀ ਸ਼ੁਰੂਆਤ ਪ੍ਰਸਿੱਧ ਸ਼ਾਇਰ ਮਿੰਦਰ ਅਤੇ ਨਾਟਸ਼ਾਲਾ ਅੰਮ੍ਰਿਤਸਰ ਦੇ ਸੰਸਥਾਪਕ ਸੁਪਨਸਾਜ਼ ਜਤਿੰਦਰ ਸਿੰਘ ਬਰਾੜ ਦੇ ਅਕਾਲ ਚਲਾਣੇ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਡੂੰਘੇ ਦੁੱਖ ਦੇ ਪ੍ਰਗਟਾਵੇ ਨਾਲ ਕੀਤੀ ਗਈ। ਸਭਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਸਭਾ ਵੱਲੋਂ ਨਵੀਂ ਨਾਮਜ਼ਦ ਕੀਤੀ ਗਈ ਸਲਾਹਕਾਰ ਕੌਂਸਲ ਅਤੇ ਕਾਰਜਕਾਰਨੀ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸਲਾਹਕਾਰ ਕੌਂਸਲ ਵਿਚ ਸੇਵਾਮੁਕਤ ਪ੍ਰਿੰਸੀਪਲ ਅਮਰਜੀਤ ਸਿੰਘ ਸਿੱਧੂ, ਲੇਖਕ ਤੇ ਫਿਲਮਕਾਰ ਅਮਰ ਸਿੰਘ ਸਿੱਧੂ, ਹਰਬੰਸ ਸਿੰਘ ਬਰਾੜ ਕੇਸਰ ਸਿੰਘ ਵਾਲਾ, ਬੈਂਕ ਇੰਪਲਾਈਜ ਯੂਨੀਅਨ ਦੇ ਆਗੂ ਪਵਨ ਕੁਮਾਰ ਜਿੰਦਰ ਅਤੇ ਸੇਵਾਮੁਕਤ ਪੀਸੀਐੱਸ ਅਫਸਰ ਗੋਪਾਲ ਸਿੰਘ ਕੋਟਫੱਤਾ ਨੂੰ ਸ਼ਾਮਲ ਕੀਤਾ ਗਿਆ ਹੈ। ਕਾਰਜਕਾਰਨੀ ਵਿਚ ਰਣਬੀਰ ਰਾਣਾ, ਦਮਜੀਤ ਦਰਸ਼ਨ, ਲਛਮਣ ਮਲੂਕਾ, ਡਾ. ਰਵਿੰਦਰ ਸੰਧੂ, ਭੋਲਾ ਸਿੰਘ ਸ਼ਮੀਰੀਆ ਅਤੇ ਜਸਵਿੰਦਰ ਜਸ ਨੂੰ ਨਾਮਜ਼ਦ ਕੀਤਾ ਗਿਆ। ਇਸ ਤੋਂ ਬਾਅਦ ਰਚਨਾਵਾਂ ਦੇ ਦੌਰ ਵਿਚ ਜਸਪਾਲ ਮਾਨਖੇੜਾ ਨੇ ਕਾਵਿ ਕਥਾ ਪੇਸ਼ ਕੀਤੀ, ਜਦਕਿ ਬਲਵਿੰਦਰ ਸਿੰਘ ਭੁੱਲਰ, ਜਸਵਿੰਦਰ ਸੁਰਗੀਤ, ਰਮੇਸ਼ ਕੁਮਾਰ ਗਰਗ, ਕਮਲ ਬਠਿੰਡਾ, ਦਲਜੀਤ ਬੰਗੀ ਅਤੇ ਪੋਰਿੰਦਰ ਸਿੰਗਲਾ ਨੇ ਆਪਣੀਆਂ ਕਵਿਤਾਵਾਂ ਨਾਲ ਸ੍ਰੋਤਿਆਂ ਨੂੰ ਰੁਬਰੂ ਕਰਵਾਇਆ। ਰਣਬੀਰ ਰਾਣਾ ਨੇ ਗ਼ਜ਼ਲ ਪੇਸ਼ ਕੀਤੀ ਅਤੇ ਨਾਵਲਕਾਰ ਜਸਵਿੰਦਰ ਜਸ ਨੇ ਆਪਣੇ ਨਾਵਲ ਦਾ ਪਹਿਲਾ ਅਧਿਆਇ ਪੜ੍ਹਿਆ। ਰਚਨਾਵਾਂ ’ਤੇ ਗੁਰਦੇਵ ਖੋਚਰ ਵੱਲੋਂ ਉਸਾਰੂ ਅਤੇ ਸਾਰਥਕ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਆਗਾਜ਼ਬੀਰ ਅਤੇ ਪਵਨ ਕੁਮਾਰ ਨੇ ਵੀ ਚਰਚਾ ਵਿਚ ਸਰਗਰਮੀ ਨਾਲ ਹਿੱਸਾ ਲਿਆ।