ਭਾਕਿਯੂ ਏਕਤਾ ਉਗਰਾਹਾਂ ਨੇ ਕੀਤੀ ਬਲਾਕ ਪੱਧਰੀ ਮੀਟਿੰਗ
ਭਾਕਿਯੂ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਹੋਈ
Publish Date: Wed, 04 Feb 2026 06:58 PM (IST)
Updated Date: Thu, 05 Feb 2026 04:08 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਪੱਧਰੀ ਮੀਟਿੰਗ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਗਈ। ਮੀਟਿੰਗ ਦੀ ਅਗਵਾਈ ਬਲਾਕ ਰਾਮਪੁਰਾ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਜਿਉਦ ਨੇ ਕੀਤੀ, ਜਦਕਿ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦਾ ਮੁੱਖ ਏਜੰਡਾ ਬਲਦੇਵ ਸਿੰਘ ਚਾਉਕੇ ਤੇ ਸਗਨਦੀਪ ਸਿੰਘ ਜਿਉਦ ਦੀ ਰਿਹਾਈ ਸਬੰਧੀ ਰਿਹਾ, ਜੋ ਪਿਛਲੇ ਨੌ ਮਹੀਨਿਆਂ ਤੋਂ ਵੱਧ ਸਮੇਂ ਤੋਂ ਆਦਰਸ਼ ਸਕੂਲ ਚਾਉਕੇ ਦੀ ਮੈਨੇਜਮੈਂਟ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਚਲ ਰਹੇ ਸੰਘਰਸ਼ ਦੌਰਾਨ ਬਿਨਾਂ ਕਿਸੇ ਮੁਕੱਦਮੇ ਦੇ ਜੇਲ੍ਹ ਵਿਚ ਬੰਦ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਲੋਕਾਂ ਦੀ ਆਵਾਜ਼ ਬਣਨ ਵਾਲਿਆਂ ਅਤੇ ਲੋਕ ਹੱਕਾਂ ਦੀ ਰਾਖੀ ਕਰਨ ਵਾਲੇ ਕਾਰਕੁੰਨਾਂ ਨੂੰ ਬਿਨਾਂ ਕਾਰਨ ਕੈਦ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਦੋਵੇਂ ਆਗੂਆਂ ਦੀ ਤੁਰੰਤ ਤੇ ਮੁਕੰਮਲ ਰਿਹਾਈ ਨਹੀਂ ਕੀਤੀ ਗਈ ਤਾਂ 6 ਫਰਵਰੀ ਨੂੰ ਬਠਿੰਡਾ ਸੈਕਟਰੀਏਟ ਦਾ ਘਿਰਾਓ ਕੀਤਾ ਜਾਵੇਗਾ। ਪੰਜਾਬ ਪੱਧਰ ’ਤੇ ਪੱਕਾ ਮੋਰਚਾ ਲਾਇਆ ਜਾਵੇਗਾ ਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਸਭਨਾਂ ਨੂੰ ਵੱਡੀ ਗਿਣਤੀ ’ਚ ਮੋਰਚੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਨਛੱਤਰ ਸਿੰਘ ਢੱਡੇ, ਬੂਟਾ ਸਿੰਘ ਬੱਲ੍ਹੋ, ਨਿਰਮਲ ਸਿੰਘ ਭੂੰਦੜ, ਭੂਰਾ ਸਿੰਘ ਡਿੱਖ, ਭੋਲਾ ਸਿੰਘ ਗਿੱਲ ਕਲਾਂ ਸਮੇਤ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।