ਸੰਸਕਾਰ ਸਪੈਕਟ੍ਰਮ ਨੇ ਬੱਚਿਆਂ ਦੀ ਯੋਗਤਾ ਨੂੰ ਦਿੱਤਾ ਨਵਾਂ ਮੰਚ
ਸੰਸਕਾਰ ਸਪੈਕਟ੍ਰਮ ਨੇ ਵਿਦਿਆਰਥੀਆਂ ਦੀ ਕਾਬਲਿਅਤ ਨੂੰ ਦਿੱਤਾ ਨਵਾਂ ਮੰਚ
Publish Date: Wed, 04 Feb 2026 06:56 PM (IST)
Updated Date: Thu, 05 Feb 2026 04:08 AM (IST)

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਦਿ ਸੰਸਕਾਰ ਸਕੂਲ ਤਲਵੰਡੀ ਸਾਬੋ ਵਿਖੇ ਕਲੱਬ ਪ੍ਰਦਰਸ਼ਨੀ “ਸੰਸਕਾਰ ਸਪੈਕਟ੍ਰਮ” ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਦੀ ਰਚਨਾਤਮਕਤਾ, ਵਿਗਿਆਨਕ ਸੋਚ ਅਤੇ ਸੱਭਿਆਚਾਰਕ ਪ੍ਰਤਿਭਾ ਦਾ ਅਦਭੁੱਤ ਦਰਸ਼ਨ ਦੇਖਣ ਨੂੰ ਮਿਲਿਆ। ਇਸ ਪ੍ਰਦਰਸ਼ਨੀ ਨੇ ਸਾਬਤ ਕਰ ਦਿੱਤਾ ਕਿ ਸਕੂਲ ਸਿਰਫ਼ ਪਾਠਕ੍ਰਮ ਤਕ ਸੀਮਿਤ ਨਹੀਂ, ਸਗੋਂ ਬੱਚਿਆਂ ਦੇ ਸਰਵਾਂਗੀਣ ਵਿਕਾਸ ਲਈ ਲਗਾਤਾਰ ਉਪਰਾਲੇ ਕਰ ਰਿਹਾ ਹੈ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ ਨਵੀਨਤਾਕਾਰੀ ਵਿਗਿਆਨ ਮਾਡਲ, ਸਮਾਜਿਕ ਵਿਗਿਆਨ ਪ੍ਰੋਜੈਕਟ ਤੇ ਕੋਡਿੰਗ ਮਾਡਲ ਆਧੁਨਿਕ ਤਕਨਾਲੋਜੀ ਤੇ ਤਰਕਸ਼ੀਲ ਸੋਚ ਦੀ ਜੀਤੀ-ਜਾਗਦੀ ਮਿਸਾਲ ਬਣੇ। ਇਸਦੇ ਨਾਲ ਕਲਾ ਤੇ ਸ਼ਿਲਪਕਾਰੀ ਦੀਆਂ ਪ੍ਰਦਰਸ਼ਨੀਆਂ ਨੇ ਬੱਚਿਆਂ ਦੀ ਰਚਨਾਤਮਕ ਦ੍ਰਿਸ਼ਟੀ ਅਤੇ ਸੁਕੰਨਤਾ ਨੂੰ ਉਜਾਗਰ ਕੀਤਾ। ਸੱਭਿਆਚਾਰਕ ਪ੍ਰਸਤੁਤੀਆਂ ਖਾਸ ਆਕਰਸ਼ਣ ਰਹੀਆਂ। ਗੀਤ-ਸੰਗੀਤ, ਥੀਏਟਰ, ਗਿੱਧਾ ਅਤੇ ਭੰਗੜਾ ਦੀਆਂ ਰੰਗਾਰੰਗ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੰਤ੍ਰਮੁਗਧ ਕਰ ਦਿੱਤਾ ਅਤੇ ਖੂਬ ਤਾਲੀਆਂ ਬਟੋਰੀਆਂ। ਖੇਡਾਂ ਦੇ ਖੇਤਰ ’ਚ ਵੀ ਵਿਦਿਆਰਥੀਆਂ ਨੇ ਆਪਣੀ ਯੋਗਤਾ ਸਾਬਤ ਕੀਤੀ। ‘ਸਪੋਰਟਸ ਸਫ਼ੇਅਰ’ ਤਹਿਤ ਜਿਮਨਾਸਟਿਕ, ਘੋੜਸਵਾਰੀ, ਸ਼ਤਰੰਜ, ਤੀਰਅੰਦਾਜ਼ੀ, ਗੱਤਕਾ ਅਤੇ ਐਥਲੈਟਿਕਸ ਵਰਗੀਆਂ ਗਤੀਵਿਧੀਆਂ ਰਾਹੀਂ ਬੱਚਿਆਂ ਨੇ ਦਿਖਾਇਆ ਕਿ ਸਿੱਖਿਆ ਕਲਾਸਰੂਮਾਂ ਤੋਂ ਕਿਤੇ ਵੱਧ ਹੈ। ਕੁੱਲ ਮਿਲਾ ਕੇ “ਸੰਸਕਾਰ ਸਪੈਕਟ੍ਰਮ” ਗਿਆਨ, ਸੱਭਿਆਚਾਰ ਅਤੇ ਪ੍ਰਤਿਭਾ ਦਾ ਅਨੋਖਾ ਮੇਲ ਸਾਬਤ ਹੋਇਆ, ਜਿਸ ਨੇ ਸੰਸਕਾਰ ਸਕੂਲ ਦੀ ਸੰਪੂਰਨ ਵਿਅਕਤੀ ਨਿਰਮਾਣ ਦੀ ਵਚਨਬੱਧਤਾ ਨੂੰ ਸਪਸ਼ਟ ਕੀਤਾ।