ਐਲੀਮੈਂਟਰੀ ਸਕੂਲ ’ਚ ਸਿਹਤ ਜਾਗਰੂਕਤਾ ਕੈਂਪ ਲਾਇਆ
ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ
Publish Date: Wed, 04 Feb 2026 06:47 PM (IST)
Updated Date: Thu, 05 Feb 2026 04:08 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਸਰਕਾਰੀ ਐਲੀਮੈਂਟਰੀ ਸਕੂਲ ਫੂਲ ਟਾਊਨ ਵਿਖੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਮਲਟੀਪਰਪਜ਼ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਬੱਚਿਆਂ ਨੂੰ ਕਿਹਾ ਕਿ ਜੀਵਨ ਵਿਚ ਅੱਗੇ ਵਧਣ ਅਤੇ ਤਰੱਕੀ ਕਰਨ ਲਈ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੰਤੁਲਿਤ ਖੁਰਾਕ, ਨਿਯਮਤ ਕਸਰਤ ਅਤੇ ਸਾਫ਼-ਸੁਥਰਾ ਜੀਵਨ ਸ਼ੈਲੀ ਹੀ ਚੰਗੀ ਸਿਹਤ ਦੀ ਕੁੰਜੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਨਿੱਜੀ ਸਫਾਈ, ਆਲੇ-ਦੁਆਲੇ ਦੀ ਸਫਾਈ, ਖਾਣ-ਪੀਣ ਦੀ ਸਫਾਈ ਅਤੇ ਸਾਫ਼ ਵਾਤਾਵਰਨ ਦੀ ਮਹੱਤਤਾ ਬਾਰੇ ਵੀ ਜਾਣੂ ਕਰਵਾਇਆ। ਇਸ ਤੋਂ ਇਲਾਵਾ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਪਾਣੀ ਖੜ੍ਹਾ ਨਾ ਹੋਣ ਦੇ ਉਪਾਅ ਤੇ ਘਰਾਂ ਦੇ ਆਲੇ-ਦੁਆਲੇ ਸਫਾਈ ਬਣਾਈ ਰੱਖਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੈਂਪ ਦੌਰਾਨ ਮਲਟੀਪਰਪਜ਼ ਹੈਲਥ ਵਰਕਰ ਨਰਪਿੰਦਰ ਸਿੰਘ ਵੱਲੋਂ ਵੀ ਸਿਹਤ ਸਬੰਧੀ ਲਾਭਕਾਰੀ ਜਾਣਕਾਰੀ ਸਾਂਝੀ ਕੀਤੀ। ਸਕੂਲ ਪ੍ਰਬੰਧਕਾਂ ਤੇ ਅਧਿਆਪਕਾਂ ਨੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਬੱਚਿਆਂ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਸਕੂਲ ਅਧਿਆਪਕ ਅਮਰਜੀਤ ਕੌਰ, ਗਗਨਦੀਪ ਕੌਰ, ਧਰਮਵੀਰ, ਗੁਰਪਾਲ ਸਿੰਘ, ਗੁਰਸੇਵਕ ਸਿੰਘ, ਸ਼ੈਲੀ ਜ਼ਿੰਦਲ, ਸੁਮਨ ਰਾਣੀ ਤੇ ਤ੍ਰਿਚਨਾ ਸਿੰਗਲਾ ਹਾਜ਼ਰ ਸਨ।