8 ਸਾਲਾ ਬੱਚੇ ਨੇ 1 ਮਿੰਟ ’ਚ 50 ਸਵਾਲ ਹੱਲ ਕਰਕੇ ਬਣਾਇਆਂ ਨਵਾਂ ਵਿਸ਼ਵ ਰਿਕਾਰਡ
8 ਸਾਲਾਂ ਬੱਚੇ ਨੇ 1 ਮਿੰਟ ਵਿਚ ਗੁਣਾ ਦੇ 50 ਸਵਾਲ
Publish Date: Wed, 04 Feb 2026 06:15 PM (IST)
Updated Date: Thu, 05 Feb 2026 04:05 AM (IST)
-ਬਠਿੰਡਾ ਦੇ ਐੱਸਐੱਸਪੀ ਡਾ. ਜੋਤੀ ਯਾਦਵ ਬੈਸ ਨੇ 8 ਸਾਲਾ ਬੱਚੇ ਦਾ ਕੀਤਾ ਸਨਮਾਨ
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਰਾਮਪੁਰਾ ਫੂਲ ਦੇ 8 ਸਾਲਾਂ ਦੇ ਵਿਦਿਆਰਥੀ ਆਰੇਨ ਸਿੰਘ ਗਰੋਵਰ ਵੱਲੋ 1 ਮਿੰਟ ਵਿਚ ਗੁਣਾ ਦੇ 50 ਸਵਾਲ ਹੱਲ ਕਰਕੇ ਇਕ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਗਿਆ ਹੈ । ਬਠਿੰਡਾ ਜ਼ਿਲ੍ਹੇ ਦੀ ਐਸਐਸਪੀ ਡਾ. ਜੋਤੀ ਯਾਦਵ ਬੈਸ ਅਤੇ ਐਸਪੀ ਹੈਡਕੁਆਟਰ ਜਗਦੀਸ਼ ਬਿਸ਼ਨੋਈ ਵੱਲੋ ਉਕਤ ਬੱਚੇ ਨੂੰ ਸਨਮਾਨਿਤ ਕਰਦਿਆਂ ਉਸਦੀ ਹੌਸਲਾ ਅਫਜਾਈ ਕੀਤੀ ਹੈ । ਆਰੇਨ ਦੀ ਇਸ ਪ੍ਰਾਪਤੀ ’ਤੇ ਸ਼ਹਿਰ ਅੰਦਰ ਖੁਸ਼ੀ ਦਾ ਮਾਹੌਲ ਹੈ ਅਤੇ ਉਸ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸ਼ਾਰਪ ਬ੍ਰੇਨਸ ਐਜੂਕੇਸ਼ਨ ਦੇ ਡਾਇਰੈਕਟਰ ਰੰਜੀਵ ਗੋਇਲ ਨੇ ਦੱਸਿਆ ਕਿ ਸਥਾਨਕ ਮਾਊਂਟ ਲਿਟਰਾ ਜੀ ਸਕੂਲ ਵਿਚ ਤੀਜੀ ਕਲਾਸ ਵਿੱਚ ਪੜ੍ਹਨ ਵਾਲੇ ਆਰੇਨ ਸਿੰਘ ਗਰੋਵਰ ਸਪੁੱਤਰ ਡਾ. ਨਰਿੰਦਰ ਸਿੰਘ ਗਰੋਵਰ ਵੱਲੋ ਅਬੈਕਸ ਵਿਧੀ ਦੇ ਨਾਲ ਇਸ ਰਿਕਾਰਡ ਦੀ ਤਿਆਰੀ ਕੀਤੀ ਗਈ ਹੈ । ਉਸ ਨੇ ਲਿਖਤੀ ਰੂਪ ਵਿਚ 2 ਅੰਕਾਂ ਨੂੰ 1 ਅੰਕ ਨਾਲ ਗੁਣਾ ਕਰਨ ਦੇ 50 ਸਵਾਲ ਸਿਰਫ 1 ਮਿੰਟ ਵਿਚ ਹੱਲ ਕਰਕੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ । ਇੰਟਰਨੈਸ਼ਨਲ ਬੁੱਕ ਆਫ ਰਿਕਾਰਡ ਨੇ ਇਸ ਨੂੰ ਨਵਾਂ ਵਰਲਡ ਰਿਕਾਰਡ ਘੋਸ਼ਿਤ ਕਰਦਿਆਂ ਆਰੇਨ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤਾ ਹੈ । ਬਠਿੰਡਾ ਦੀ ਐਸਐਸਪੀ ਡਾ. ਜੋਤੀ ਯਾਦਵ ਨੇ ਆਪਣੇ ਦਫਤਰ ਵਿਚ ਉਚੇਚੇ ਤੌਰ ’ਤੇ ਵਿਦਿਆਰਥੀ ਦੇ ਨਾਲ ਮੁਲਾਕਾਤ ਕਰਕੇ ਉਸ ਨੂੰ ਸਨਮਾਨਿਤ ਕੀਤਾ । ਇਸ ਮੌਕੇ ਤੇ ਆਰੇਨ ਸਿੰਘ ਗਰੋਵਰ ਨੇ ਉਨ੍ਹਾਂ ਦੇ ਅੱਗੇ ਵੱਡੇ ਵੱਡੇ ਸਵਾਲ ਵੀ ਹੱਲ ਕਰਦੇ ਦਿਖਾਏ । ਡਾ. ਜੋਤੀ ਯਾਦਵ ਨੇ ਆਰੇਨ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਛੋਟੀ ਉਮਰ ਵਿਚ ਇਸ ਤਰ੍ਹਾਂ ਦੀ ਪ੍ਰਾਪਤੀਆਂ ਨਾਲ ਵਿਦਿਆਰਥੀਆਂ ਦਾ ਆਤਮ ਵਿਸ਼ਵਾਸ਼ ਵੱਧਦਾ ਹੈ । ਉਨ੍ਹਾਂ ਸ਼ਾਰਪ ਬ੍ਰੇਨਸ ਸੰਸਥਾ ਵੱਲੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਕੀਤੀ ਜਾ ਰਹੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ । ਐਸਪੀ ਹੈਡਕੁਆਟਰ ਜਗਦੀਸ਼ ਬਿਸ਼ਨੋਈ ਨੇ ਵੀ ਆਰੇਨ ਸਿੰਘ ਗਰਵੋਰ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਇਹ ਸਮੁੱਚੇ ਇਲਾਕੇ ਲਈ ਮਾਣ ਵਾਲੀ ਗੱਲ ਹੈ ।