ਟੀਪੀਡੀ ਮਾਲਵਾ ਕਾਲਜ ਵਿਖੇ ਨਾਟਕ ਸੁਲਘਦੀ ਧਰਤੀ ਦਾ ਮੰਚਨ
ਟੀਪੀਡੀ ਮਾਲਵਾ ਕਾਲਜ ਵਿਖੇ ਨਾਟਕ ਸੁਲਘਦੀ ਧਰਤੀ ਦਾ ਮੰਚਨ
Publish Date: Tue, 03 Feb 2026 07:57 PM (IST)
Updated Date: Wed, 04 Feb 2026 04:11 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਰਾਮਪੁਰਾ ਫੂਲ, ਮਹਿਰਾਜ ਵਿਖੇ ਪ੍ਰਸਿੱਧ ਅਦਾਕਾਰ ਤੇ ਨਿਰਦੇਸ਼ਕ ਸੁਖਦੇਵ ਲੱਧੜ ਨੇ, ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਮੋਗਾ ਵੱਲੋਂ ਆਪਣੇ ਰੰਗਕਰਮੀ ਸਾਥੀਆਂ ਆਸ਼ੂ ਨਈਅਰ ਤੇ ਸ਼ੁਭਦੀਪ ਸ਼ੁਭ ਸਹਿਤ ਲੇਖਕ ਬਲਰਾਜ ਸਾਗਰ ਦੇ ਲਿਖੇ ਹੋਏ ਨੁੱਕੜ ਨਾਟਕ 'ਸੁਲਘਦੀ ਧਰਤੀ' ਦਾ ਮੰਚਨ ਕੀਤਾ। ਇਸ ਨਾਟਕ ਵਿਚ ਪੰਜਾਬ ਦੇ ਭਖਦੇ ਮੁੱਦਿਆਂ ਦੀ ਕਰੁਣਾਮਈ ਪੇਸ਼ਕਾਰੀ ਕੀਤੀ, ਜਿਸ ’ਚ ਪੰਜਾਬ ਦੀ ਨੌਜਵਾਨੀ ਵਿਚ ਰਚ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੀ ਚਰਚਾ ਕੀਤੀ ਗਈ ਤੇ ਦੂਜੇ ਪਾਸੇ ਉਨ੍ਹਾਂ ਨਸ਼ੇੜੀਆਂ ਨਾਲ ਵਿਆਹੀਆਂ ਗਈਆਂ ਔਰਤਾਂ ਦੇ ਜੀਵਨ ਤੇ ਪਰਿਵਾਰਾਂ ਦੀ ਤਬਾਹੀ ਨੂੰ ਵੀ ਬਿਆਨ ਕੀਤਾ ਗਿਆ। ਨਾਟਕ ਦੀ ਬਾਕਮਾਲ ਅਦਾਕਾਰੀ ਅਤੇ ਸਕ੍ਰਿਪਟ ਨੇ ਸਮੂਹ ਵਿਦਿਆਰਥੀਆਂ ਨੂੰ ਨਾ ਸਿਰਫ਼ ਪ੍ਰਭਾਵਿਤ ਕੀਤਾ, ਸਗੋਂ ਇਕ ਸੰਵਾਦ ਵੀ ਛੇੜਿਆ। ਕਾਲਜ ਦੇ ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਨੇ ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ ਦੀ ਸਮੁੱਚੀ ਟੀਮ ਦਾ ਕਾਲਜ ਵਿੱਚ ਇਸ ਨਾਟ ਮੰਚਨ ਲਈ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਨਾਟਕਾਂ ਦੀ ਹਰ ਕਾਲਜ ਵਿਚ ਪੇਸ਼ਕਾਰੀ ਯਕੀਨੀ ਬਣਾਉਣੀ ਚਾਹੀਦੀ ਹੈ ਕਿਉਂਕਿ ਪੁਰਾਤਨ ਸੰਚਾਰ ਦਾ ਇਹ ਸਾਧਨ ਨੁੱਕੜ ਨਾਟਕ ਸਿੱਧਾ ਵਿਦਿਆਰਥੀ ਦਿਲਾਂ ਉੱਪਰ ਅਸਰ ਪਾਉਂਦੇ ਹਨ। ਉਨ੍ਹਾਂ ਨਾਟਕ ਦੇ ਨਿਰਦੇਸ਼ਕ ਸੁਖਦੇਵ ਲੱਧੜ ਦਾ ਉਚੇਚ ਧੰਨਵਾਦ ਵੀ ਕੀਤਾ, ਜੋ ਕਿ ਦਰਜਨਾਂ ਤੋਂ ਵਧੇਰੇ ਪੰਜਾਬੀ ਫੀਚਰ ਫ਼ਿਲਮਾਂ ਵਿੱਚ ਅਹਿਮ ਰੋਲ਼ ਅਦਾ ਕਰਨ ਦੇ ਬਾਵਜੂਦ ਵੀ ਆਪਣੀ ਮਿੱਟੀ ਤੇ ਆਪਣੇ ਲੋਕਾਂ ਨਾਲ ਆਹਮੋ-ਸਾਹਮਣੇ ਜਾ ਕੇ ਗੱਲਬਾਤ ਕਰਨ ਨੂੰ ਅਤੇ ਸੁਨੇਹਾ ਪਹੁੰਚਾਉਣ ਨੂੰ ਆਪਣਾ ਫਰਜ਼ ਸਮਝਦੇ ਹਨ ਤੇ ਬਾਖ਼ੂਬੀ ਨਿਭਾਅ ਵੀ ਰਹੇ ਹਨ। ਇਸ ਮੌਕੇ ਸਮੂਹ ਵਿਦਿਆਰਥੀ ਅਤੇ ਸਟਾਫ਼ ਮੈਂਬਰ ਹਾਜ਼ਰ ਸਨ।