ਸੜਕ ਬਣਵਾਉਣ ਲਈ ਰਾਜਨ ਗਰਗ ਵੱਲੋਂ ਡੀਸੀ ਨੂੰ ਮੰਗ-ਪੱਤਰ
ਸ੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਨੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
Publish Date: Tue, 03 Feb 2026 07:55 PM (IST)
Updated Date: Wed, 04 Feb 2026 04:11 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ ਵੱਲੋਂ ਡੀਸੀ ਰਾਜੇਸ਼ ਧੀਮਾਨ ਨੂੰ ਇਕ ਮੰਗ ਪੱਤਰ ਸੌਂਪ ਕੇ ਪਿੰਡ ਮਾਈਸਰਖਾਨਾ ਸਥਿਤ ਧਾਰਮਿਕ ਸਥਾਨਾਂ ਨੂੰ ਜਾਣ ਵਾਲੀ ਸੜਕ ਦੀ ਮੁਰੰਮਤ ਤੇ ਪੁਨਰ ਨਿਰਮਾਣ ਦੀ ਮੰਗ ਕੀਤੀ ਹੈ। ਸੰਗਠਨ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਾਰਚ ਮਹੀਨੇ ਵਿਚ ਪੈਣ ਵਾਲੀਆਂ ਨਰਾਤਿਆਂ ਤੋਂ ਪਹਿਲਾਂ ਇਸ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਲੱਖਾਂ ਸ਼ਰਧਾਲੂਆਂ ਤੇ ਸਥਾਨਕ ਪਿੰਡ ਵਾਸੀਆਂ ਨੂੰ ਸਹੂਲਤ ਮਿਲ ਸਕੇ। ਮਹਾਵੀਰ ਦਲ ਦੇ ਅਧਿਕਾਰੀ ਰਾਜਨ ਗਰਗ ਨੇ ਦੱਸਿਆ ਕਿ ਮਾਈਸਰਖਾਨਾ ’ਚ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਰ ਅਤੇ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਦਰਸ਼ਨਾਂ ਲਈ ਸਿਰਫ਼ ਪੰਜਾਬ ਤੋਂ ਹੀ ਨਹੀਂ, ਸਗੋਂ ਹੋਰ ਸੂਬਿਆੰ ਤੋਂ ਵੀ ਵੱਡੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ। ਖ਼ਾਸ ਕਰਕੇ ਨਰਾਤਿਆਂ ਦੌਰਾਨ ਇੱਥੇ ਸ਼ਰਧਾਲੂਆਂ ਦੀ ਭਾਰੀ ਭੀੜ ਉਮੜਦੀ ਹੈ। ਧਾਰਮਿਕ ਸਥਾਨਾਂ ਨੂੰ ਜਾਣ ਵਾਲਾ ਰਸਤੇ ਦੀ ਲੰਮੇ ਸਮੇਂ ਹਾਲਤ ਖ਼ਸਤਾ ਹੋ ਗਈ ਹੈ, ਜਿਸ ਕਾਰਨ ਸ਼ਰਧਾਲੂਆਂ ਤੇ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੰਗ ਪੱਤਰ ’ਚ ਦੱਸਿਆ ਹੈ ਕਿ ਸੜਕ ’ਤੇ ਥਾਂ-ਥਾਂ ਟੋਏ ਪੈਣ ਕਾਰਨ ਮੀਂਹ ਦੇ ਦਿਨਾਂ ਵਿੱਚ ਪਾਣੀ ਭਰ ਜਾਂਦਾ ਹੈ ਅਤੇ ਕਈ ਵਾਰ ਸ਼ਰਧਾਲੂ ਫਿਸਲ ਕੇ ਜ਼ਖ਼ਮੀ ਵੀ ਹੋ ਜਾਂਦੇ ਹਨ। ਇਸ ਨਾਲ ਹੀ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਵਿਚ ਵੀ ਰੁਕਾਵਟ ਆਉਂਦੀ ਹੈ। ਮਹਾਵੀਰ ਦਲ ਨੇ ਡੀਸੀ ਧੀਮਾਨ ਤੋਂ ਮੰਗ ਕੀਤੀ ਹੈ ਕਿ ਇਸ ਮਾਰਗ ਨੂੰ ਤਰਜੀਹ ਦੇ ਆਧਾਰ ’ਤੇ ਪੱਕਾ ਕਰਵਾਇਆ ਜਾਵੇ ਤੇ ਨਿਰਮਾਣ ਕਾਰਜ ਦੌਰਾਨ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਵਫ਼ਦ ਨੇ ਡੀਸੀ ਨੂੰ ਅਪੀਲ ਕੀਤੀ ਹੈ ਕਿ ਨਰਾਤਿਆਂ ਤੋਂ ਪਹਿਲਾਂ ਕੰਮ ਸ਼ੁਰੂ ਕਰਵਾਇਆ ਜਾਵੇ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਨਾ ਹੋਵੇ।