ਸ਼ਹੀਦਾਂ ਤੇ ਆਜ਼ਾਦੀ ਸੰਗਰਾਮੀਆਂ ਦੇ ਨਾਂ ’ਤੇ ਰੱਖੇ 15 ਸਕੂਲਾਂ ਦੇ ਨਾਮ
ਪੰਜਾਬ ਸਰਕਾਰ ਨੇ ਸੂਬੇ ਦੇ 15 ਸਰਕਾਰੀ ਸਕੂਲਾਂ ਦੇ ਨਾਮ ਸ਼ਹੀਦਾਂ ਅਤੇ ਆਜ਼ਾਦੀ ਸੰਗਰਾਮੀਆਂ ਦੇ ਨਾਮ ’ਤੇ ਰੱਖੇ
Publish Date: Mon, 02 Feb 2026 06:14 PM (IST)
Updated Date: Tue, 03 Feb 2026 04:08 AM (IST)

-ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਵੱਲੋਂ ਹੁਕਮ ਜਾਰੀ, ਸਰਕਾਰ ਨੇ ਸ਼ਹੀਦਾਂ ਨੂੰ ਦਿੱਤਾ ਸਨਮਾਨ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ (ਸੈਕੰਡਰੀ) ਨੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਸਥਿਤ 15 ਸਰਕਾਰੀ ਸਕੂਲਾਂ ਦੇ ਨਾਮ ਬਦਲਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ), ਪੰਜਾਬ ਵੱਲੋਂ ਹੁਕਮ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਸਕੂਲਾਂ ਦੇ ਨਾਂ ਹੁਣ ਸ਼ਹੀਦਾਂ ਤੇ ਆਜ਼ਾਦੀ ਸੰਗਰਾਮੀਆਂ ਵਰਗੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਦੇ ਨਾਵਾਂ ’ਤੇ ਰੱਖੇ ਹਨ। ਪੰਜਾਬ ਦੀ ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਕਰਕੇ ਉਨ੍ਹਾਂ ਅਣਗੌਲੇ ਸ਼ਹੀਦਾਂ ਦਾ ਸਨਮਾਨ ਕੀਤਾ ਹੈ। ਸਿੱਖਿਆ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਸਾਰੇ ਸਕੂਲਾਂ ਵਿੱਚ ਨਵੇਂ ਨਾਵਾਂ ਦੀ ਹੀ ਵਰਤੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਕੂਲਾਂ ਦੇ ਰਿਕਾਰਡ, ਬੋਰਡ ਦਸਤਾਵੇਜ਼, ਦਾਖ਼ਲਾ ਰਜਿਸਟਰ ਤੇ ਹੋਰ ਸਰਕਾਰੀ ਦਸਤਾਵੇਜ਼ਾਂ ’ਚ ਵੀ ਸੋਧ ਕਰਨ ਦੇ ਹੁਕਮ ਜਾਰੀ ਕੀਤੇ ਹਨ। ਵਿਭਾਗ ਮੁਤਾਬਕ ਇਸ ਫ਼ੈਸਲੇ ਦਾ ਉਦੇਸ਼ ਸ਼ਹੀਦਾਂ ਤੇ ਆਜ਼ਾਦੀ ਸੰਗਰਾਮੀਆਂ ਦੇ ਯੋਗਦਾਨ ਨੂੰ ਸਨਮਾਨ ਦੇਣਾ ਤੇ ਵਿਦਿਆਰਥੀਆਂ ਨੂੰ ਦੇਸ਼ ਭਗਤੀ ਦੀ ਪ੍ਰੇਰਣਾ ਦੇਣਾ ਹੈ। ਸਰਕਾਰ ਨੇ ਕਿਹਾ ਕਿ ਇਸ ਤਰ੍ਹਾਂ ਵਿਦਿਆਰਥੀਆਂ ’ਚ ਦੇਸ਼ ਪ੍ਰੇਮ ਦੀ ਭਾਵਨਾ ਜਾਗੇਗੀ ਤੇ ਉਨ੍ਹਾਂ ਨੂੰ ਆਪਣੇ ਸੂਰਬੀਰਾਂ ਤੇ ਯੋਧਿਆਂ ਬਾਰੇ ਜਾਣਕਾਰੀ ਮਿਲੇਗੀ, ਜਦੋਂ ਕਿ ਸ਼ਹੀਦ ਪਰਿਵਾਰਾਂ ਦਾ ਵੀ ਮਾਣ-ਸਨਮਾਨ ਵਧੇਗਾ। -ਬਾਕਸ- ਸਰਕਾਰੀ ਹਾਈ ਸਕੂਲ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਦਾ ਨਾਂ ਸ਼ਹੀਦ ਸਿਪਾਹੀ ਜਗਦੇਵ ਸਿੰਘ ਸਰਕਾਰੀ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੱਗਿਆਣਾ ਜ਼ਿਲ੍ਹਾ ਫ਼ਰੀਦਕੋਟ ਦਾ ਨਾਂ ਸ਼ਹੀਦ ਨਾਇਕ ਸੁਰਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਹਾਈ ਸਕੂਲ ਫ਼ਤਿਹਪੁਰ ਜ਼ਿਲ੍ਹਾ ਮਾਨਸਾ ਦਾ ਨਾਮ ਆਜ਼ਾਦੀ ਸੰਗਰਾਮੀ ਮੱਘਰ ਸਿੰਘ ਸਰਕਾਰੀ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਦਾ ਨਾਮ ਕਾਮਰੇਡ ਧਰਮ ਸਿੰਘ ਫੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭੀਖੀ ਜ਼ਿਲ੍ਹਾ ਮਾਨਸਾ ਦਾ ਨਾਮ ਸ਼ਹੀਦ ਕਾਂਸਟੇਬਲ ਜਸਵੰਤ ਸਿੰਘ ਪੀਐੱਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖ਼ਸ਼ੀਵਾਲਾ ਜ਼ਿਲ੍ਹਾ ਮਾਨਸਾ ਦਾ ਨਾਮ ਆਜ਼ਾਦੀ ਸੰਗਰਾਮੀ ਅਰਜਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਮਿਡਲ ਸਕੂਲ ਲੁਬਾਣਿਆਂ ਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਆਜ਼ਾਦੀ ਸੰਗਰਾਮੀ ਸਰਵਣ ਸਿੰਘ ਸਰਕਾਰੀ ਮਿਡਲ ਸਕੂਲ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਹਮੀਰਗੜ੍ਹ ਜ਼ਿਲ੍ਹਾ ਸੰਗਰੂਰ ਦਾ ਨਾਮ ਆਜ਼ਾਦੀ ਸੰਗਰਾਮੀ ਗਿਆਨੀ ਮੁਕੰਦ ਸਿੰਘ ਸਰਕਾਰੀ ਹਾਈ ਸਕੂਲ, ਸਰਕਾਰੀ ਮਿਡਲ ਸਕੂਲ ਦੁਲੱਦੀ ਜ਼ਿਲ੍ਹਾ ਪਟਿਆਲਾ ਦਾ ਨਾਮ ਸ਼ਹੀਦ ਸਿਪਾਹੀ ਪਿਆਰਾ ਸਿੰਘ ਸਰਕਾਰੀ ਮਿਡਲ ਸਕੂਲ, ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਜ਼ਿਲ੍ਹਾ ਪਟਿਆਲਾ ਦਾ ਨਾਮ ਆਜ਼ਾਦੀ ਸੰਗਰਾਮੀ ਅਮੀਰ ਸਿੰਘ ਸਰਕਾਰੀ ਹਾਈ ਸਕੂਲ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੈਰੇ ਜ਼ਿਲ੍ਹਾ ਬਰਨਾਲਾ ਦਾ ਨਾਮ ਆਜ਼ਾਦੀ ਸੰਗਰਾਮੀ ਗੁਰਦਿਆਲ ਸਿੰਘ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਟੱਲੇਵਾਲ ਜ਼ਿਲ੍ਹਾ ਬਰਨਾਲਾ ਦਾ ਨਾਮ ਆਜ਼ਾਦੀ ਸੰਗਰਾਮੀ ਤਾਰਾ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਐਲੀਮੈਂਟਰੀ ਸਕੂਲ ਹਰਰੰਗਪੁਰਾ ਪਿੰਡੀ ਜ਼ਿਲ੍ਹਾ ਬਠਿੰਡਾ ਦਾ ਨਾਮ ਸ਼ਹੀਦ ਸਿਪਾਹੀ ਬੂਟਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ, ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਫਰੀਦਾ ਜ਼ਿਲ੍ਹਾ ਪਠਾਨਕੋਟ ਦਾ ਨਾਮ ਸ਼ਹੀਦ ਸਿਪਾਹੀ ਰਾਈਫ਼ਲਮੈਨ ਜੈ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਡਰੋਲੀ ਖੁਰਦ ਜ਼ਿਲ੍ਹਾ ਜਲੰਧਰ ਦਾ ਨਾਮ ਸ਼ਹੀਦ ਕੁਲਵਿੰਦਰ ਸਿੰਘ ਮੈਮੋਰਿਅਲ ਸਰਕਾਰੀ ਪ੍ਰਾਇਮਰੀ ਸਕੂਲ ਰੱਖਿਆ ਗਿਆ ਹੈ।