ਵਿਧਾਇਕ ਸਿੱਧੂ ਨੇ ਭਾਈਰੂਪਾ ਦੇ ਸਮਾਗਮ ’ਚ ਕੀਤੀ ਸ਼ਿਰਕਤ
ਵਿਧਾਇਕ ਬਲਕਾਰ ਸਿੱਧੂ ਨੇ ਭਾਈਰੂਪਾ ਦੇ ਸਮਾਗਮਾਂ ’ਚ ਕੀਤੀ ਸ਼ਿਰਕਤ
Publish Date: Mon, 02 Feb 2026 05:52 PM (IST)
Updated Date: Tue, 03 Feb 2026 04:08 AM (IST)

ਸੰਜੀਵ ਸਿੰਗਲਾ, ਪੰਜਾਬੀ ਜਾਗਰਣ, ਭਾਈ ਰੂਪਾ : ਗੁਰੂ ਰਵਿਦਾਸ ਮਹਾਰਾਜ ਜੀ ਦੀ 649 ਵੀਂ ਜੈਅੰਤੀ ਦੇ ਪਾਵਨ ਅਵਸਰ ਮੌਕੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਵੱਲੋਂ ਪਿੰਡ ਭਾਈਰੂਪਾ ਵਿੱਚ ਕਰਵਾਏ ਗਏ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸੰਗਤ ਨਾਲ ਮਿਲ ਕੇ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਸਿੱਧੂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਨੂੰ ਸਮਾਨਤਾ, ਸੱਚਾਈ ਤੇ ਭਾਈਚਾਰੇ ਦਾ ਸੰਦੇਸ਼ ਦਿੱਤਾ, ਜੋ ਅੱਜ ਵੀ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਦੇ ਉਪਦੇਸ਼ ਸਾਨੂੰ ਜਾਤ-ਪਾਤ ਅਤੇ ਹਰ ਤਰ੍ਹਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇਕੱਠੇ ਰਹਿਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਹਰ ਧਰਮ ਅਤੇ ਵਰਗ ਦਾ ਸਤਿਕਾਰ ਕਰਦੀ ਹੋਈ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਪਿਛੜੇ ਵਰਗਾਂ ਦੇ ਵਿਕਾਸ ਲਈ ਕਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਵਿਧਾਇਕ ਨੇ ਖਾਸ ਤੌਰ ’ਤੇ ਐਸਸੀ. ਵਰਗ ਦੇ ਵਿਦਿਆਰਥੀਆਂ ਲਈ ਚਲ ਰਹੀਆਂ ਸਕਾਲਰਸ਼ਿਪ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਕੋਈ ਵੀ ਵਿਦਿਆਰਥੀ ਆਰਥਿਕ ਕਮੀ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸਮਾਗਮ ਪ੍ਰਬੰਧਕ ਕਮੇਟੀਆਂ ਵੱਲੋਂ ਵਿਧਾਇਕ ਬਲਕਾਰ ਸਿੱਧੂ ਦਾ ਸਨਮਾਨ ਵੀ ਕੀਤਾ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਾ ਕੇ ਗੁਰੂ ਰਵਿਦਾਸ ਜੈਅੰਤੀ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ।