- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਨੇ ਵਾਰਡ ਨੰਬਰ 50 ਵਿੱਚ 16 ਕਰੋੜ ਰੁਪਏ ਦੇ ਸੀਵਰੇਜ ਪਾਈਪ ਲਾਈਨ ਪ੍ਰੋਜੈਕਟ ਦਾ ਕੀਤਾ ਉਦਘਾਟਨ

-ਕਿਹਾ, ਕਿਸੇ ਸਰਕਾਰ ਨੇ ਨਹੀਂ ਲਈ ਸਾਰ, 'ਆਪ' ਸਰਕਾਰ ਨੇ ਫੜੀ ਬਾਂਹ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਵਾਰਡ-50 ਦੇ ਵਸਨੀਕਾਂ ਲਈ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀਵਰੇਜ ਸਮੱਸਿਆ ਨੂੰ ਦੂਰ ਕਰਨ ਲਈ ਇੱਕ ਵੱਡੀ ਪਹਿਲਕਦਮੀ ਕਰਦੇ ਹੋਏ, ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਦੇ ਕੋਠੇ ਚਿੰਬੇਕੇ ਸਿਵੀਆਂ ਰੋਡ ਤੋਂ ਲਗਭਗ 16 ਕਰੋੜ ਰੁਪਏ ਦੀ ਲਾਗਤ ਵਾਲੇ ਸੀਵਰੇਜ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ, ਮੇਅਰ ਨੇ ਵਾਰਡ ਦੀਆਂ ਮਾਤਾਵਾਂ ਅਤੇ ਭੈਣਾਂ ਹੱਥੋਂ ਟੱਕ ਲਗਵਾਕੇ ਪ੍ਰੋਜੈਕਟ ਦਾ ਰਸਮੀ ਉਦਘਾਟਨ ਕਰਵਾਇਆ। ‘ਆਪ’ ਦੇ ਵਾਰਡ-50 ਦੇ ਇੰਚਾਰਜ ਸੁਖਦੇਵ ਸਿੰਘ ਦੀ ਅਗਵਾਈ ਹੇਠ ਇਹ ਸਮਾਗਮ ਇਕ ਵਿਸ਼ਾਲ ਰੈਲੀ ਵਿੱਚ ਬਦਲ ਗਿਆ। ਸਮਾਗਮ ’ਚ ਰਾਣਾ ਰਣਦੀਪ, ਜਲੰਧਰ ਸਿੰਘ ਮੱਖਣ, ਸੰਦੀਪ ਵਿੱਕੀ, ਵਿਜੇ, ਅਮਨਦੀਪ, ਪ੍ਰਦੀਪ, ਸੂਰਜ, ਪ੍ਰਦੀਪ ਕੁਮਾਰ,ਕਾਸ਼ੀ ਰਾਮ,ਠ ਪ੍ਰਤਾਪ, ਰਾਜਾ, ਸਮਸ਼ੇਰ ਸਿੰਘ, ਸਰਬਜੀਤ ਸਿੰਘ, ਰਾਹੁਲ ਅਤੇ ਸੰਦੀਪ ਸਮੇਤ ਸੈਂਕੜੇ ਲੋਕ ਮੌਜੂਦ ਸਨ। ਮੇਅਰ ਪਦਮਜੀਤ ਸਿੰਘ ਮਹਿਤਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਕਈ ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਇਸ ਖੇਤਰ ਦਾ ਧਿਆਨ ਨਹੀਂ ਰੱਖਿਆ, ਜਿਸ ਕਾਰਨ ਸਥਾਨਕ ਵਸਨੀਕ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰਹਿ ਗਏ। ਜਦੋਂ ਉਨ੍ਹਾਂ ਨੇ ਹਾਲ ਹੀ ਵਿੱਚ ਵਾਰਡ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ, ਤਾਂ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਸਾਹਮਣੇ ਆਈ। ਮੇਅਰ ਨੇ ਕਿਹਾ ਕਿ ਵਾਰਡ ਦੇ ਵਸਨੀਕ ਸੀਵਰੇਜ ਨਾਲ ਰਲਿਆ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਸਨ, ਜਿਸ ਕਾਰਨ ਅਕਸਰ ਬਿਮਾਰੀਆਂ ਲੱਗਦੀਆਂ ਰਹਿੰਦੀਆਂ ਸਨ। ਇਸ ਗੰਭੀਰ ਸਮੱਸਿਆ ਦਾ ਸਥਾਈ ਹੱਲ ਪ੍ਰਦਾਨ ਕਰਨ ਲਈ ਇਹ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਪ੍ਰੋਜੈਕਟ ਅੱਜ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਲਗਭਗ 35 ਕਿਲੋਮੀਟਰ ਸੀਵਰੇਜ ਪਾਈਪ ਲਾਈਨਾਂ ਵਿਛਾਈਆਂ ਜਾਣਗੀਆਂ, ਜਿਸ ਨਾਲ ਲਗਭਗ 20,000 ਲੋਕਾਂ ਨੂੰ ਸਿੱਧਾ ਲਾਭ ਹੋਵੇਗਾ। ਇਸ ਨਾਲ ਇਲਾਕੇ ’ਚ ਸੈਨੀਟੇਸ਼ਨ ਸਿਸਟਮ ਮਜ਼ਬੂਤ ਹੋਵੇਗਾ, ਗੰਦੇ ਪਾਣੀ ਦੀ ਸਮੱਸਿਆ ਖਤਮ ਹੋਵੇਗੀ ਅਤੇ ਲੋਕਾਂ ਨੂੰ ਬਿਹਤਰ ਸਿਹਤ ਮਿਲੇਗੀ। ਇਹ ਪ੍ਰੋਜੈਕਟ ਵਾਰਡ ਨੰਬਰ 50 ਲਈ ਵਿਕਾਸ ਤੇ ਸਫਾਈ ਵੱਲ ਇੱਕ ਇਤਿਹਾਸਕ ਕਦਮ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਠਿੰਡਾ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਲਈ ਨਿਗਮ ਨੂੰ ਲਗਾਤਾਰ ਫੰਡ ਪ੍ਰਦਾਨ ਕਰ ਰਹੀ ਹੈ। ਇਸ ਤੋਂ ਇਲਾਵਾ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਵੀ ਜਨਤਾ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਲੋਕਾਂ ਦੇ ਘਰਾਂ ਨੂੰ ਸੀਵਰੇਜ ਕੁਨੈਕਸ਼ਨ ਵੀ ਪ੍ਰਦਾਨ ਕੀਤੇ ਜਾਣਗੇ। ਮੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਇੱਕ ਸਿਹਤਮੰਦ ਤੇ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਇਸ ਮੌਕੇ ਵਾਰਡ ਨੰਬਰ 50 ਦੇ ਇੰਚਾਰਜ ਸੁਖਦੇਵ ਸਿੰਘ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ, ਮੇਅਰ ਪਦਮਜੀਤ ਸਿੰਘ ਮਹਿਤਾ ਤੇ ਆਮ ਆਦਮੀ ਪਾਰਟੀ ਸਰਕਾਰ ਦਾ ਧੰਨਵਾਦ ਕੀਤਾ।