ਸੀਵਰੇਜ ਪਾਈਪ ਟੁੱਟਣ ਕਾਰਨ ਬਣਿਆ ਟੋਇਆ ਦੇ ਰਿਹੈ ਹਾਦਸੇ ਨੂੰ ਸੱਦਾ
ਸੀਵਰੇਜ ਪਾਇਪ ਟੁੱਟਣ ਕਾਰਨ ਬਣਿਆ ਡੂੰਘਾ ਖੱਡਾ, ਸੜਕ ਹਾਦਸਿਆਂ ਦਾ ਵਧਿਆ ਖਤਰਾ
Publish Date: Mon, 02 Feb 2026 05:22 PM (IST)
Updated Date: Tue, 03 Feb 2026 04:08 AM (IST)

ਮੁਕੇਸ਼ ਸੋਨੀ, ਪੰਜਾਬੀ ਜਾਗਰਣ, ਰਾਮਾਂ ਮੰਡੀ : ਸ਼ਹਿਰ ਦੇ ਰਿਹਾਇਸ਼ੀ ਇਲਾਕੇ ਤਲਵੰਡੀ ਸਾਬੋ ਬਾਈਪਾਸ ‘ਤੇ ਸੀਵਰੇਜ ਦੀ ਪਾਈਪਲਾਈਨ ਟੁੱਟ ਜਾਣ ਕਾਰਨ ਇਲਾਕਾ ਨਰਕ ਬਣਿਆ ਹੋਇਆ ਹੈ। ਟੁੱਟੀ ਪਾਈਪਲਾਈਨ ਵਿੱਚੋਂ ਨਿਕਲ ਰਹੇ ਗੰਦਗੀ ਭਰੇ ਪਾਣੀ ਨੇ ਸੜਕ ਅਤੇ ਨਾਲ ਲੱਗਦੇ ਖੁੱਲ੍ਹੇ ਮੈਦਾਨ ਨੂੰ ਨਾਲੇ ਦਾ ਰੂਪ ਦੇ ਦਿੱਤਾ ਹੈ, ਜਿਸ ਨਾਲ ਆਮ ਲੋਕਾਂ ਦੀ ਆਵਾਜਾਈ ਰੋਜ਼ਾਨਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਤੇ ਸੜਕ ਹਾਦਸਿਆਂ ਦਾ ਖਤਰਾ ਵਧਿਆ ਹੈ। ਇਲਾਕੇ ਵਿੱਚ ਹਰ ਵੇਲੇ ਭਿਆਨਕ ਬਦਬੂ ਫੈਲੀ ਰਹਿੰਦੀ ਹੈ ਤੇ ਗੰਦੇ ਪਾਣੀ ਦੇ ਇਕੱਠ ਹੋਣ ਕਾਰਨ ਮੱਛਰਾਂ ਦੀ ਭਰਮਾਰ ਹੋ ਗਈ ਹੈ, ਜਿਸ ਨਾਲ ਡੇਂਗੂ, ਮਲੇਰੀਆ ਸਮੇਤ ਹੋਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਬੱਚਿਆਂ, ਬਜ਼ੁਰਗਾਂ ਤੇ ਮਹਿਲਾਵਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਵਿਜੈਪਾਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾਂ ਮੰਡੀ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਨਗਰ ਕੌਂਸਲ ਦੇ ਧਿਆਨ ਵਿੱਚ ਇਹ ਸਮੱਸਿਆ ਲਿਆ ਰਹੇ ਹਨ, ਪਰ ਬਾਵਜੂਦ ਇਸਦੇ ਹਾਲੇ ਤਕ ਕੋਈ ਢੁੱਕਵੀਂ ਅਤੇ ਪੱਕੀ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਕਿਸੇ ਵੀ ਵੱਡੀ ਬਿਮਾਰੀ ਦਾ ਫੈਲਾਅ ਹੋ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮਾਮਲੇ ’ਤੇ ਨਗਰ ਕੌਂਸਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਸੀਵਰੇਜ ਪਾਈਪਲਾਈਨ ਟੁੱਟਣ ਦੀ ਜਾਣਕਾਰੀ ਮਿਲ ਚੁੱਕੀ ਹੈ ਤੇ ਸਬੰਧਤ ਵਿਭਾਗ ਨੂੰ ਮੌਕੇ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਾਈਪ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਹਾਲਾਂਕਿ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਕੇਵਲ ਭਰੋਸਿਆਂ ਨਾਲ ਕੰਮ ਨਹੀਂ ਚੱਲੇਗਾ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਤੇ ਪੱਕੀ ਕਾਰਵਾਈ ਕਰਕੇ ਸੀਵਰੇਜ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ ਤਾਂ ਜੋ ਉਨ੍ਹਾਂ ਦੀ ਸਿਹਤ ਤੇ ਸੁਰੱਖਿਆ ਨੂੰ ਹੋਰ ਖਤਰੇ ਵਿੱਚ ਪੈਣ ਤੋਂ ਬਚਾਇਆ ਜਾ ਸਕੇ।