ਨਿਗਮ ਦੇ ਰਿਕਾਰਡ ਰੂਮ ’ਚ ਅੱਗ ਲੱਗਣ ਹੋਵੇ ਉੱਚ ਪੱਧਰੀ ਜਾਂਚ : ਸੰਦੀਪ ਪਾਠਕ
ਨਗਰ ਨਿਗਮ ਦੇ ਰਿਕਾਰਡ ਰੂਮ ਵਿਚ ਅੱਗ ਲੱਗਣ ਦੀ ਘਟਨਾ ਇਕ ਸਾਜਿਸ, ਉੱਚ ਪੱਧਰੀ ਜਾਂਚ ਦੀ ਮੰਗ: ਸੰਦੀਪ ਪਾਠਕ
Publish Date: Sun, 01 Feb 2026 06:48 PM (IST)
Updated Date: Mon, 02 Feb 2026 04:13 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਗਰ ਨਿਗਮ ਬਠਿੰਡਾ ਦੇ ਰਿਕਾਰਡ ਰੂਮ ਵਿਚ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਕਈ ਸਵਾਲ ਚੁੱਕੇ ਜਾ ਰਹੇ ਹਨ । ਹਿੰਦੂ ਮਹਾਂਸਭਾ ਦੇ ਪ੍ਰਧਾਨ ਅਤੇ ਸਮਾਜਸੇਵੀ ਸੰਦੀਪ ਪਾਠਕ ਨੇ ਇਸ ਘਟਨਾ ਨੂੰ ਪੂਰੀ ਤਰ੍ਹਾਂ ਸੋਚੀ ਸਮਝੀ ਸਾਜ਼ਿਸ਼ ਦੱਸਦੇ ਹੋਏ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ।ਪਾਠਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਵਿਜੀਲੈਸ ਬਿਊਰੋ ਨੂੰ ਨਗਰ ਨਿਗਮ ਬਠਿੰਡਾ ਦੇ ਟੈਂਡਰਾਂ ਵਿਚ ਹੋਏ ਕਰੋੜਾਂ ਰੁਪਇਆਂ ਦੇ ਘੋਟਾਲੇ ਅਤੇ ਪਿਛਲੇ ਪੰਜ ਸਾਲਾਂ ਵਿਚ ਲੋਕਾਂ ਨੂੰ ਨਾਜਾਇਜ਼ ਉਸਾਰੀਆਂ ਆਦਿ ਸੰਬੰਧੀ ਨੋਟਿਸ ਦੇਕੇ ਆਮ ਲੋਕਾਂ ਦੀਆਂ ਹੋਈਆਂ ਬਲੈਕ ਮੇਲਿੰਗਾਂ ਦੀ ਸ਼ਿਕਾਇਤ ਕੀਤੀ ਸੀ ਅਤੇ ਇਹੋ ਜਿਹੇ ਸਮੇਂ ਰਿਕਾਰਡ ਰੂਮ ਨੂੰ ਅੱਗ ਲੱਗਣਾ ਗੰਭੀਰ ਸਵਾਲ ਖੜੇ ਕਰਦਾ ਹੈ । ਸੰਦੀਪ ਪਾਠਕ ਨੇ ਕਿਹਾ ਕਿ ਨਗਰ ਨਿਗਮ ਦੇ ਰਿਕਾਰਡ ਰੂਮ ਦੇ ਵਿਚ ਵਿਕਾਸ ਕਾਰਜਾਂ, ਟੈਂਡਰ ਪ੍ਰਕਿਰਿਆ, ਭੁਗਤਾਨ, ਲੋਕਾਂ ਨੂੰ ਨਾਜਾਇਜ਼ ਉਸਾਰੀਆਂ ਆਦਿ ਅਤੇ ਹੋਰ ਕਈ ਤਰ੍ਹਾਂ ਮਹੱਤਵਪੂਰਨ ਕਾਗਜਾਤ ਮੌਜੂਦ ਹੁੰਦੇ ਹਨ ਜੇਕਰ ਇਨ੍ਹਾਂ ਫ਼ਾਈਲਾਂ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਵਿਜੀਲੈਸ ਨੂੰ ਸੱਚਾਈ ਤਕ ਪਹੁੰਚਣ ਵਿੱਚ ਸਮੱਸਿਆ ਆ ਸਕਦੀ ਹੈ । ਪਾਠਕ ਨੇ ਖ਼ਦਸ਼ਾ ਜਤਾਇਆ ਕੀ ਇਹ ਟੈਂਡਰਾਂ ਵਿਚ ਹੋਈਆਂ ਗੜਬੜੀਆਂ ਦੇ ਨਾਲ ਨਾਲ ਨਿਗਮ ਵਿਚ ਹੋਏ ਭ੍ਰਿਸ਼ਟਾਚਾਰ ਨੂੰ ਮਿਟਾਉਣ ਦੀ ਕੋਸ਼ਿਸ਼ ਹੈ । ਬਠਿੰਡੇ ਦੇ ਲੋਕ ਨਗਰ ਨਿਗਮ ਦੀ ਕਾਰਜਪ੍ਰਣਾਲੀ ਤੋਂ ਪਹਿਲਾਂ ਹੀ ਬਹੁਤ ਨਾਰਾਜ਼ ਹਨ ਅਤੇ ਹੁਣ ਟੈਂਡਰਾਂ ਵਿਚ ਘੋਟਾਲਾ, ਪੱਖਪਾਤ ਅਤੇ ਲੋਕਾਂ ਨੂੰ ਬਲੈਕਮੇਲ ਕਰਨ ਤਕ ਦੇ ਗੰਭੀਰ ਦੋਸ਼ ਤਕ ਸੁਣਨ ਨੂੰ ਮਿਲ ਰਹੇ ਹਨ ।ਇਹੋ ਜਿਹੇ ਹਾਲਾਤਾਂ ਵਿਚ ਰਿਕਾਰਡ ਰੂਮ ਵਿਚ ਅੱਗ ਲੱਗਣਾ ਕੋਈ ਇਕ ਆਮ ਘਟਨਾ ਨਹੀਂ ਬਲਕਿ ਸੋਚੀ ਸਮਝੀ ਇਕ ਸਾਜ਼ਿਸ਼ ਨਜ਼ਰ ਆ ਰਹੀ ਹੈ । ਉਨ੍ਹਾਂ ਕਿਹਾ ਕੀ ਸਰਕਾਰ ਨੂੰ ਇਸ ਅੱਗ ਦੀ ਘਟਨਾ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ । ਸੰਦੀਪ ਪਾਠਕ ਨੇ ਕਿਹਾ ਕੀ ਅੱਗ ਲੱਗਣ ਦੀ ਘਟਨਾ ਦੀ ਉੱਚ ਪੱਧਰੀ ਫੋਰੈਸਿਕ ਜਾਂਚ ਦੇ ਨਾਲ ਨਾਲ ਇਸ ਗੱਲ ਨੂੰ ਵੀ ਜਨਤਕ ਕਰਨਾ ਚਾਹੀਦਾ ਹੈ ਕੀ ਰਿਕਾਰਡ ਰੂਮ ਵਿਚ ਕਿਹੜਾ ਕਿਹੜਾ ਰਿਕਾਰਡ ਮੱਚਿਆ/ਮਚਾਇਆ ਗਿਆ ਹੈ । ਪਾਠਕ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਵੀ ਮੰਗ ਕੀਤੀ ਕਿ ਜੇ ਉਹ ਭ੍ਰਿਸ਼ਟਾਚਾਰ ਖ਼ਿਲਾਫ਼ ਗੰਭੀਰ ਹਨ, ਤਾਂ ਨਗਰ ਨਿਗਮ ਬਠਿੰਡਾ ਵਿੱਚ ਹੋਈਆਂ ਸਾਰੀਆਂ ਘਟਨਾਵਾਂ ਅਤੇ ਸ਼ਿਕਾਇਤਾਂ ਦੀ ਸੀਨੀਅਰ ਅਧਿਕਾਰੀ ਵੱਲੋਂ ਵਿਸ਼ੇਸ਼ ਜਾਂਚ ਟੀਮ ਬਣਾਕੇ ਪੜਤਾਲ ਕੀਤੀ ਜਾਵੇ। ਸਥਾਨਕ ਲੋਕਾਂ ਵਿਚ ਪਹਿਲਾਂ ਹੀ ਨਗਰ ਨਿਗਮ ਦੀ ਕਾਰਜਪ੍ਰਣਾਲੀ ਪ੍ਰਤੀ ਨਾਰਾਜ਼ਗੀ ਹੈ, ਅਤੇ ਹੁਣ ਟੈਂਡਰਾਂ ਵਿਚ ਘੋਟਾਲੇ, ਪੱਖਪਾਤ ਅਤੇ ਬਲੈਕਮੇਲਿੰਗ ਦੇ ਦੋਸ਼ ਨਾਲ ਹਾਲਾਤ ਹੋਰ ਵੀ ਗੰਭੀਰ ਬਣ ਗਏ ਹਨ।