ਟੇਲਾਂ ’ਤੇ ਪਾਣੀ ਆਉਣ ਦੇ ਦਾਅਵੇ ਖੋਖਲੇ : ਮਲੂਕਾ
ਮਲੂਕਾ ਨੇ ਨਹਿਰੀ ਪਾਣੀ ਦੇ ਮਾਮਲੇ 'ਚ ਘੇਰੀ ਸਰਕਾਰ
Publish Date: Sun, 01 Feb 2026 06:04 PM (IST)
Updated Date: Mon, 02 Feb 2026 04:11 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਸੂਬੇ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਹਿਰੀ ਪਾਣੀ ਦੀ ਸੂਬੇ ਵਿਚ ਸਥਿਤੀ ਵਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਕੰਦਰ ਸਿੰਘ ਮਲੂਕਾ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਤੇ ਸਾਬਕਾ ਮੰਤਰੀ ਨੇ ਕੀਤਾ। ਮਲੂਕਾ ਨੇ ਨੇੜਲੇ ਪਿੰਡਾਂ ’ਚ ਸੂਏ ਤੇ ਕੱਸੀਆਂ ਚ ਪਾਣੀ ਦੀ ਸਥਿਤੀ ਬਾਰੇ ਕਿਹਾ ਕਿ ਸੱਤਾਧਾਰੀ ਧਿਰ ਦੇ ਆਗੂ ਲਗਾਤਾਰ ਨਹਿਰੀ ਪਾਣੀ ਵਾਰੇ ਲੋਕਾਂ ਗੁੰਮਰਾਹ ਕਰ ਰਹੇ ਹਨ ਕਿ ਟੇਲਾਂ ’ਤੇ ਪਾਣੀ ਪਹੁੰਚ ਰਿਹਾ ਹੈ। ਜਦਕਿ ਇਹ ਦਾਅਵੇ ਕੋਰਾਂ ਝੂਠ ਹਨ। ਮਲੂਕਾ ਨੇ ਪਿੰਡ ਮਲੂਕਾ ਦੇ ਸੂਏ ਤੇ ਕੱਸੀਆਂ ’ਚ ਪਿਛਲੇ 6 ਮਹੀਨਿਆਂ ਤੋਂ ਸੁੱਕੇ ਹੋਣ ਦਾ ਵੀ ਦਾਅਵਾ ਕੀਤਾ। ਪੰਜਾਬ ਦੇ ਬਹੁਤੇ ਹਿੱਸਿਆਂ ’ਚ ਸੂਏ ਕੱਸੀਆਂ ਚ ਪਾਣੀ ਨਹੀਂ ਆ ਰਿਹਾ। ਸੂਬੇ ਦੀਆਂ ਜ਼ਿਆਦਾ ਨਹਿਰਾਂ ਤਾਂ ਸੁੱਕੀਆਂ ਹਨ ਜਾਂ ਪਾਣੀ ਦਾ ਪੱਧਰ ਬਹੁਤ ਘੱਟ ਹੈ। ਭਗਤਾ ਭਾਈਕਾ ਖੇਤਰ ਅਤੇ ਬਠਿੰਡਾ ਦੇ ਕਈ ਪਿੰਡਾਂ ਵਾਰੇ ਨਹਿਰੀ ਵਿਭਾਗ ਦੇ ਕੁਝ ਸੀਨੀਅਰ ਅਧਿਕਾਰੀਆਂ ਨੇ ਵਾਰ ਵਾਰ ਪਾਣੀ ਨਾਂ ਆਉਣ ਦੀ ਗੱਲ ਕਹੀ ਹੈ। ਮਲੂਕਾ ਨੇ ਕਿਹਾ ਕੇ 2007 ਤੋਂ 2017 ਤਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਨਹਿਰੀ ਪਾਣੀ ਆਮ ਸੀ ਪੰਜਾਬ ਦੇ ਹਰ ਹਿੱਸੇ ਚ ਸੂਏ ਕੱਸੀਆਂ ’ਚ ਪਹੁੰਚਦਾ ਸੀ ਪਰ ਮੌਜੂਦਾ ਆਪ ਸਰਕਾਰ ਦੇ ਦਾਅਵੇ ਸਿਰਫ਼ ਇਸ਼ਤਿਹਾਰਾਂ ਤਕ ਸੀਮਤ ਹਨ, ਨਹਿਰੀ ਪਾਣੀ ਤੋਂ ਇਲਾਵਾ ਸਰਕਾਰ ਦੇ ਜ਼ਿਆਦਾਤਰ ਪ੍ਰੋਜੈਕਟ ਅਖਬਾਰਾਂ ਦੀਆਂ ਸੁਰਖੀਆਂ ਤੇ ਸੜਕਾਂ ਤੇ ਲੱਗੇ ਬੋਰਡਾਂ ਤਕ ਹੀ ਸੀਮਤ ਹਨ।