ਸ੍ਰੀ ਗੁਰੂ ਰਵਿਦਾਸ ਜੈਅੰਤੀ ਮੌਕੇ ਜੱਗਾ ਕਲਿਆਣ ਵੱਲੋਂ ਵਧਾਈਆਂ
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜਯੰਤੀ ਮੌਕੇ ਜੱਗਾ ਕਲਿਆਣ ਵੱਲੋਂ ਵਧਾਈਆਂ
Publish Date: Sun, 01 Feb 2026 05:45 PM (IST)
Updated Date: Mon, 02 Feb 2026 04:08 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਪਵਿੱਤਰ ਜਯੰਤੀ ਦੇ ਮੌਕੇ ’ਤੇ ਸਮਾਜਿਕ ਆਗੂ ਜਗਸੀਰ ਸਿੰਘ ਜੱਗਾ ਕਲਿਆਣ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਸੰਗਤਾਂ ਨੂੰ ਦਿਲੋਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਜੱਗਾ ਕਲਿਆਣ ਨੇ ਕਿਹਾ ਕਿ ਭਗਤ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅੱਜ ਦੇ ਸਮਾਜ ਲਈ ਬਹੁਤ ਹੀ ਮਹੱਤਵਪੂਰਨ ਹਨ ਅਤੇ ਉਨ੍ਹਾਂ ਦੇ ਉਪਦੇਸ਼ਾਂ ’ਤੇ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਤੇ ਅਰਥਪੂਰਨ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਗਤ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣਾ ਪੂਰਾ ਜੀਵਨ ਮਨੁੱਖਤਾ, ਬਰਾਬਰੀ ਅਤੇ ਭਰਾਤਰੀ ਭਾਵਨਾ ਦੇ ਸੰਦੇਸ਼ ਨੂੰ ਫੈਲਾਉਣ ’ਚ ਸਮਰਪਿਤ ਕੀਤਾ। ਉਨ੍ਹਾਂ ਨੇ ਜਾਤੀਵਾਦ, ਭੇਦਭਾਵ ਤੇ ਝੂਠੇ ਅਹੰਕਾਰ ਦਾ ਵਿਰੋਧ ਕਰਦਿਆਂ ਸੱਚੀ ਭਗਤੀ ਤੇ ਕਰਮ ਦੀ ਮਹੱਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਦਰਸਾਇਆ ਰਾਹ ਅੱਜ ਵੀ ਸਮਾਜ ਵਿਚ ਫੈਲ ਰਹੀਆਂ ਬੁਰਾਈਆਂ ਨੂੰ ਖ਼ਤਮ ਕਰਨ ਲਈ ਰਾਹਦਾਰੀ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ’ਚ ਭਗਤਾਂ ਦੀ ਬਾਣੀ ਨੂੰ ਸਨਮਾਨ ਮਿਲਣਾ ਗੁਰੂ ਸਾਹਿਬਾਨ ਦੀ ਵਿਸ਼ਾਲ ਸੋਚ ਤੇ ਸਰਬ ਸਾਂਝੇ ਸੁਨੇਹੇ ਨੂੰ ਦਰਸਾਉਂਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈ ਕੇ ਨਸ਼ਿਆਂ, ਹਿੰਸਾ ਤੇ ਗਲਤ ਰਾਹਾਂ ਤੋਂ ਦੂਰ ਰਹਿਣ। ਅੱਜ ਦੇ ਸਮੇਂ ਵਿਚ ਸਮਾਜ ਨੂੰ ਅਜਿਹੇ ਮਹਾਨ ਸੰਤਾਂ ਦੀ ਵਿਚਾਰਧਾਰਾ ਦੀ ਸਭ ਤੋਂ ਵੱਧ ਲੋੜ ਹੈ, ਜੋ ਮਨੁੱਖ ਨੂੰ ਸੱਚ, ਸੇਵਾ ਅਤੇ ਸਾਂਝ ਦੇ ਰਾਹ ’ਤੇ ਤੁਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਜੈਅੰਤੀ ਸਿਰਫ਼ ਇਕ ਧਾਰਮਿਕ ਦਿਹਾੜਾ ਨਹੀਂ, ਸਗੋਂ ਸਮਾਜਿਕ ਜਾਗਰੂਕਤਾ ਤੇ ਏਕਤਾ ਦਾ ਪ੍ਰਤੀਕ ਹੈ। ਇਸ ਦਿਨ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਆਪਣੇ ਜੀਵਨ ’ਚ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਅਪਣਾਵਾਂਗੇ ਤੇ ਇਕ ਸਮਾਨ, ਨਿਆਂਪੂਰਕ ਤੇ ਭਾਈਚਾਰੇ ਵਾਲੇ ਸਮਾਜ ਦੀ ਸਥਾਪਨਾ ਲਈ ਯਤਨ ਕਰਾਂਗੇ। ਅੰਤ ਵਿਚ ਜੱਗਾ ਕਲਿਆਣ ਨੇ ਸਾਰੀਆਂ ਸੰਗਤ ਨੂੰ ਮੁੜ ਜੈਅੰਤੀ ਦੀ ਵਧਾਈ ਦਿੰਦਿਆਂ ਸਰਬੱਤ ਦੇ ਭਲੇ ਅਤੇ ਦੇਸ਼ ਦੀ ਤਰੱਕੀ ਲਈ ਕਾਮਨਾ ਕੀਤੀ।