ਪਿਕਅਪ ਦੀ ਚੈਸਿਸ ਤੇ ਘਰ ’ਚੋਂ ਗਹਿਣੇ ਤੇ ਨਕਦੀ ਚੋਰੀ
ਦਾਣਾ ਮੰਡੀ ਤੋਂ ਪਿਕਅਪ ਗੱਡੀ ਦੀ ਚੈਸਿਸ ਅਤੇ ਘਰ ’ਚੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ
Publish Date: Sun, 01 Feb 2026 04:39 PM (IST)
Updated Date: Mon, 02 Feb 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹਾ ਪੁਲਿਸ ਨੇ ਦੋ ਵੱਖ-ਵੱਖ ਚੋਰੀ ਦੇ ਮਾਮਲਿਆਂ ’ਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾ ਮਾਮਲਾ ਦਾਣਾ ਮੰਡੀ ਖੇਤਰ ਤੋਂ ਪਿਕਅਪ ਗੱਡੀ ਦੀ ਚੈਸਿਸ ਚੋਰੀ ਦਾ ਹੈ, ਜਦਕਿ ਦੂਜਾ ਮਾਮਲਾ ਮਾਡਲ ਟਾਊਨ ਖੇਤਰ ’ਚ ਘਰੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਨਾਲ ਸਬੰਧਤ ਹੈ। ਥਾਣਾ ਕੋਤਵਾਲੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਾਜੂ ਸਿੰਘ ਵਾਸੀ ਉਧਮ ਸਿੰਘ ਨਗਰ ਬਠਿੰਡਾ ਨੇ ਦੱਸਿਆ ਕਿ ਉਹ ਆਪਣੀ ਪਿਕਅਪ ਬੋਲੇਰੋ ਗੱਡੀ ਦਾਣਾ ਮੰਡੀ ਵਿਚ ਖੜੀ ਕਰਕੇ ਕੰਮ ਲਈ ਗਿਆ ਸੀ। ਇਸ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਗੱਡੀ ਦੀ ਚੈਸਿਸ ਚੋਰੀ ਕਰ ਲਈ। ਪੁਲਿਸ ਨੇ ਮੌਕੇ ਦੇ ਆਸਪਾਸ ਲੱਗੇ ਸੀਸੀਟੀਵੀ ਫੁੱਟੇਜ ਖੰਗਾਲੇ। ਜਿਸ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਵਾਸੀ ਬਹਿਮਣ ਦੀਵਾਨਾ ਤੇ ਸਰਵੇਸ਼ ਵਾਸੀ ਬੀੜ ਤਲਾਬ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਸਿਵਲ ਲਾਈਨ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ’ਚ ਕੁਲਵੰਤ ਰਾਇ ਨੇ ਦੱਸਿਆ ਕਿ ਉਹ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ। ਜਦੋਂ ਬੀਤੀ ਸ਼ਨੀਵਾਰ ਨੂੰ ਮਾਡਲ ਟਾਊਨ ਖੇਤਰ ਵਿਚ ਸਥਿਤ ਆਪਣੇ ਘਰ ਵਾਪਸ ਆਇਆ, ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਅਤੇ ਅੰਦਰ ਜਾ ਕੇ ਵੇਖਿਆ ਤਾਂ ਅਲਮਾਰੀ ਵੀ ਟੁੱਟੀ ਹੋਈ ਸੀ। ਅਣਪਛਾਤੇ ਚੋਰ ਘਰੋਂ ਸੋਨੇ ਦੇ ਗਹਿਣੇ ਅਤੇ ਲਗਭਗ 59 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।