ਫਤਿਹ ਗਰੁੱਪ ਵਿਖੇ ਨੈਤਿਕ ਕਦਰਾਂ-ਕੀਮਤਾਂ ਤੇ ਕਰਵਾਇਆ ਸੈਮੀਨਾਰ
ਫਤਿਹ ਗਰੁੱਪ ਵਿਖੇ ਨੈਤਿਕ ਕਦਰਾਂ ਕੀਮਤਾਂ ਤੇ ਸਿੱਖਿਆ ਵਿਸ਼ੇ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ
Publish Date: Sat, 31 Jan 2026 06:58 PM (IST)
Updated Date: Sun, 01 Feb 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੇ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਇਕ ਪ੍ਰੇਰਣਾਦਾਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਸਹਿਜ ਪਾਠ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਸਤਨਾਮ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਵਿਚ ਚੰਗੀ ਸਖ਼ਸ਼ੀਅਤ ਬਣਨ ਅਤੇ ਲੋਕ ਸੇਵਕ ਬਣਨ ਲਈ ਸਿੱਖਿਆ ਪ੍ਰਾਪਤ ਕਰਨਾ ਬੇਹੱਦ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਜੋਕੀ ਨੌਜਵਾਨੀ ਦਾ ਪੂਰਨ ਸਿੱਖਿਅਤ ਹੋਣਾ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਸਿੱਖਿਆ ਜੀਵਨ ਜਾਂਚ ਦਾ ਉਹ ਸਾਧਨ ਹੈ ਜੋ ਮਨੁੱਖੀ ਸਖ਼ਸ਼ੀਅਤ ਵਿਚ ਨਿਖਾਰ ਲਿਆਉਂਦੀ ਹੈ। ਭਾਈ ਸਤਨਾਮ ਸਿੰਘ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਦੇ ਨੌਜਵਾਨ ਸੋਸ਼ਲ ਮੀਡੀਆ ਵਿਚ ਜ਼ਿਆਦਾ ਜਕੜੇ ਜਾ ਰਹੇ ਹਨ ਅਤੇ ਚੰਗੀ ਸਿੱਖਿਆ ਦੀ ਘਾਟ ਕਾਰਨ ਨਸ਼ਿਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਂਝੇ ਪਰਿਵਾਰਾਂ ਦੇ ਟੁੱਟਣ ਨਾਲ ਨੌਜਵਾਨੀ ਇਕੱਲੇਪਣ ਦਾ ਸ਼ਿਕਾਰ ਹੋ ਰਹੀ ਹੈ ਤੇ ਕਿਰਤ ਕਰਨ ਦਾ ਫਲਸਫਾ ਵੀ ਵਿਸਰਦਾ ਜਾ ਰਿਹਾ ਹੈ। ਇਸ ਲਈ ਹਰੇਕ ਵਿਅਕਤੀ ਲਈ ਗੁਰਬਾਣੀ ਪੜ੍ਹਨਾ, ਸੁਣਨਾ ਤੇ ਜੀਵਨ ’ਚ ਅਮਲ ਕਰਨਾ ਅਤਿ ਜ਼ਰੂਰੀ ਬਣ ਗਿਆ ਹੈ। ਭਾਵੇਂ ਅੱਜ ਦੀ ਜ਼ਿੰਦਗੀ ਲਗਜ਼ਰੀ ਵੱਲ ਵਧ ਰਹੀ ਹੈ ਪਰ ਭਾਈਚਾਰਕ ਸਾਂਝ ਕਮਜ਼ੋਰ ਹੋ ਰਹੀ ਹੈ, ਜਿਸਨੂੰ ਬਚਾਉਣ ਲਈ ਚੰਗੀ ਅਤੇ ਸੰਸਕਾਰਕ ਸਿੱਖਿਆ ਲਾਜ਼ਮੀ ਹੈ। ਇਸ ਮੌਕੇ ਉਨ੍ਹਾਂ ਸ਼ਖ਼ਸੀਅਤਾਂ ਡਾ. ਸਾਹਿਬ ਸਿੰਘ, ਡਾ. ਦਲਜੀਤ ਸਿੰਘ ਅਤੇ ਭਗਤ ਪੂਰਨ ਸਿੰਘ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਤੇ ਵਿਦਿਆਰਥੀਆਂ ਨੂੰ ਗੁਰਮਤਿ ਸਾਹਿਤ ਵੀ ਵੰਡਿਆ। ਸਮਾਗਮ ਦੌਰਾਨ ਪ੍ਰਿੰਸੀਪਲ ਬਘੇਲ ਸਿੰਘ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਤੇ ਸੰਸਥਾ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਇਸ ਮੌਕੇ ਪ੍ਰਣ ਕੀਤਾ ਕਿ ਉਹ ਕਿਰਤ ਕਰਨਗੇ, ਉੱਚੀ ਪੜ੍ਹਾਈ ਕਰਨਗੇ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਗੇ। ਸੰਸਥਾ ਚੇਅਰਮੈਨ ਐੱਸਐੱਸ ਚੱਠਾ ਨੇ ਕਿਹਾ ਕਿ ਸੰਸਥਾ ਵੱਲੋਂ ਅਜਿਹੇ ਸੈਮੀਨਾਰ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੈਤਿਕ ਮੁੱਲਾਂ, ਕਿਰਤ ਅਤੇ ਸਮਾਜ ਸੇਵਾ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਉਹ ਦੇਸ਼ ਤੇ ਸਮਾਜ ਦੇ ਜ਼ਿੰਮੇਵਾਰ ਨਾਗਰਿਕ ਬਣ ਸਕਣ। ਇਸ ਮੌਕੇ ਐਜੂਕੇਸ਼ਨ ਵਿਭਾਗ ਦੀ ਮੁਖੀ ਪ੍ਰੋ. ਸੰਦੀਪ ਕੌਰ, ਆਰਟਸ ਤੇ ਸੋਸ਼ਲ ਐਕਟੀਵਿਟੀ ਮੁਖੀ ਕੁਮਾਰੀ ਸੈਲਜਾ, ਪ੍ਰੋਫੈਸਰ ਜਸਪ੍ਰੀਤ ਕੌਰ, ਰੌਬਿਨ ਮੰਗਲਾ ਤੇ ਵਰਿੰਦਰ ਕੌਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।