ਖੂਨ ਦੀ ਸਹੀ ਤੇ ਸੁਰੱਖਿਅਤ ਵਰਤੋਂ ਸਬੰਧੀ ਡਾਕਟਰਾਂ ਨੂੰ ਦਿੱਤੀ ਟ੍ਰੇਨਿੰਗ
ਖੂਨ ਦੀ ਸਹੀ ਤੇ ਸੁਰੱਖਿਅਤ ਵਰਤੋਂ ਸਬੰਧੀ ਡਾਕਟਰਾਂ ਨੂੰ ਟ੍ਰੇਨਿੰਗ ਕਰਵਾਈ
Publish Date: Sat, 31 Jan 2026 06:34 PM (IST)
Updated Date: Sun, 01 Feb 2026 04:11 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਵਿਭਾਗ ਵੱਲੋਂ ਖੂਨ ਦੀ ਸਹੀ, ਸੁਰੱਖਿਅਤ ਅਤੇ ਜ਼ਰੂਰੀ ਵਰਤੋਂ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਡਾਕਟਰਾਂ ਲਈ ਇਕ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਨਾਲ ਸਬੰਧਿਤ ਡਾਕਟਰਾਂ ਨੇ ਹਿੱਸਾ ਲਿਆ। ਇਸ ਮੌਕੇ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਕਿਹਾ ਕਿ ਖੂਨ ਇਕ ਬਹੁਤ ਹੀ ਕੀਮਤੀ ਸਰੋਤ ਹੈ ਅਤੇ ਇਸ ਦੀ ਵਰਤੋਂ ਸਿਰਫ਼ ਤਬੀਬੀ ਜ਼ਰੂਰਤ ਅਨੁਸਾਰ ਹੀ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰੈਸ਼ਨਲ ਯੂਜ਼ ਆਫ਼ ਬਲੱਡ ਬਾਰੇ ਸਿਹਤ ਕਰਮਚਾਰੀਆਂ ਨੂੰ ਨਿਰੰਤਰ ਟ੍ਰੇਨਿੰਗ ਦੇਣਾ ਮਰੀਜ਼ਾਂ ਦੀ ਸੁਰੱਖਿਆ ਤੇ ਬਿਹਤਰ ਇਲਾਜ ਲਈ ਬਹੁਤ ਜ਼ਰੂਰੀ ਹੈ। ਟ੍ਰੇਨਿੰਗ ਦੌਰਾਨ ਬਿਨਾਂ ਲੋੜ ਖੂਨ ਚੜ੍ਹਾਉਣ ਤੋਂ ਬਚਾਅ, ਬਲੱਡ ਕੰਪੋਨੈਂਟ ਥੈਰਪੀ, ਮਰੀਜ਼ਾਂ ਲਈ ਸੰਭਾਵਿਤ ਖ਼ਤਰੇ ਅਤੇ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਨਾਲ ਬਲੱਡ ਬੈਂਕਾਂ ’ਤੇ ਗੈਰ-ਜ਼ਰੂਰੀ ਬੋਝ ਘਟਾਉਣ ਵਿੱਚ ਮਦਦ ਮਿਲੇਗੀ। ਟ੍ਰੇਨਿੰਗ ਦੇ ਅੰਤ ’ਚ ਭਾਗੀਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੁਪਮਾ ਸ਼ਰਮਾ, ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ, ਸੀਨੀਅਰ ਮੈਡੀਕਲ ਅਫ਼ਸਰ ਡਾ. ਸੋਨੀਆ, ਬੀਟੀਓ. ਡਾ. ਗੁੰਜਨ ਸਮੇਤ ਹੋਰ ਡਾਕਟਰ ਹਾਜ਼ਰ ਸਨ।