ਮਜ਼ਦੂਰਾਂ ਦੀਆਂ ਜ਼ਮੀਨਾਂ ’ਤੇ ਵਕਫ਼ ਬੋਰਡ ਵੱਲੋਂ ਕਬਜ਼ੇ ਦਾ ਕੀਤਾ ਵਿਰੋਧ
ਮਜ਼ਦੂਰਾਂ ਦੀਆਂ ਜ਼ਮੀਨਾਂ ’ਤੇ ਵਕਫ਼ ਬੋਰਡ ਦੇ
Publish Date: Sat, 31 Jan 2026 05:34 PM (IST)
Updated Date: Sun, 01 Feb 2026 04:08 AM (IST)

ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਪਿੰਡ ਰਾਮਨਗਰ ਵਿਖੇ ਮਜ਼ਦੂਰ ਪਰਿਵਾਰਾਂ ਦੇ ਘਰਾਂ ਨੂੰ ਧੱਕੇ ਨਾਲ ਢਾਹਣ ਅਤੇ ਉਨ੍ਹਾਂ ਦੀ ਗੁਜ਼ਾਰੇਯੋਗ ਕੁਝ ਜ਼ਮੀਨ ’ਤੇ ਵਕਫ਼ ਬੋਰਡ ਦਾ ਕਬਜ਼ਾ ਕਰਨ ਦੇ ਯਤਨ ਨੂੰ ਲੈ ਕੇ ਮੌੜ ਦੇ ਤਹਿਸੀਲਦਾਰ ਅਭਿਸ਼ੇਕ ਵਰਮਾ ਅਤੇ ਪੁਲਿਸ ਪ੍ਰਸ਼ਾਸਨ ਪਹੁੰਚੇ। ਇਹ ਮਾਮਲਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੌੜ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਮਨਗਰ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਬਬਲੀ ਭੂੰਦੜ ਦੀ ਅਗਵਾਈ ਹੇਠ ਲਗਾਤਾਰ ਤਿੰਨ ਦਿਨ ਤੋਂ ਵਿਰੋਧ ਦਾ ਕੇਂਦਰ ਬਣਿਆ ਹੋਇਆ ਸੀ। ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪ੍ਰਸ਼ਾਸਨ ਅਤੇ ਵਕਫ਼ ਬੋਰਡ ਦੇ ਮੈਂਬਰਾਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਇਸ ਮਾਮਲੇ ਨੂੰ ਆਉਣ ਵਾਲੇ ਦਿਨਾਂ ਵਿਚ ਬੈਠ ਕੇ ਹੱਲ ਕੀਤਾ ਜਾਵੇਗਾ। ਪਰ ਜਥੇਬੰਦੀਆਂ ਦੇ ਆਗੂਆਂ ਨੇ ਸਾਫ਼ ਕਿਹਾ ਕਿ ਜੇ ਇਹ ਮਸਲਾ ਹੱਲ ਨਾ ਹੋਇਆ ਤਾਂ ਉਹ ਮਜ਼ਦੂਰ ਭਰਾਵਾਂ ਦੇ ਘਰਾਂ ਅਤੇ ਗੁਜ਼ਾਰੇਯੋਗ ਜ਼ਮੀਨ ’ਤੇ ਕਬਜ਼ਾ ਨਹੀਂ ਹੋਣ ਦੇਣਗੇ। ਜਥੇਬੰਦੀਆਂ ਨੇ ਦੱਸਿਆ ਕਿ 1960 ਤੋਂ ਲੈ ਕੇ ਮਜ਼ਦੂਰ ਪਰਿਵਾਰਾਂ ਦਾ ਇਸ ਜ਼ਮੀਨ ’ਤੇ ਕਬਜ਼ਾ ਹੈ ਅਤੇ ਘਰ ਪਾਕੇ ਰਹਿ ਰਹੇ ਹਨ। ਥੋੜੀ ਜ਼ਮੀਨ ‘ਕਨਾਲਾਂ/ਮਰਲਿਆਂ’ ਵਿਚ ਉਨ੍ਹਾਂ ਪਰਿਵਾਰਾਂ ਦਾ ਗੁਜ਼ਾਰਾ ਹੋ ਰਿਹਾ ਹੈ, ਪਰ ਹੁਣ ਵਕਫ਼ ਬੋਰਡ ਨੇ ਅਦਾਲਤੀ ਹੁਕਮਾਂ ਦਾ ਸਹਾਰਾ ਲੈ ਕੇ ਇਨ੍ਹਾਂ ਮਜ਼ਦੂਰਾਂ ਨੂੰ ਘਰੋਂ ਬੇਘਰ ਕਰਨ ਦੀ ਕੋਸ਼ਿਸ਼ ਕੀਤੀ। ਜਥੇਬੰਦੀਆਂ ਨੇ ਮੁਸਲਿਮ ਭਾਈਚਾਰੇ ਤੇ ਦਲਿਤ ਸਮਾਜ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਆਪਸੀ ਭਾਈਚਾਰੇ ਵਿਚ ਬੈਠ ਕੇ ਸੁਲਝਾਏ। ਅੱਜ ਦੇ ਇਕੱਠ ਵਿਚ ਜਮੂਹਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਸੇਮਾ, ਬਲਾਕ ਆਗੂ ਗੁਰਦੀਪ ਸਿੰਘ ਮਾਈਸਰਖਾਨਾ, ਸਿੰਕਦਰ ਸਿੰਘ ਘੁੰਮਣ, ਭਿੰਦਰ ਸਿੰਘ ਭਾਈ ਬਖਤੌਰ, ਗੁਰਜੀਤ ਸਿੰਘ ਬੰਗੇਹਰ, ਭੋਲਾ ਸਿੰਘ ਮਾੜੀ, ਅਮ੍ਰਿਤ ਸਿੰਘ ਮੌੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਲਾਬ ਸਿੰਘ ਮਾਈਸਰਖਾਨਾ, ਜਰਨੈਲ ਸਿੰਘ ਚਨਾਰਥਲ ਅਤੇ ਪਿੰਡ ਪ੍ਰਧਾਨ ਜਗਤਾਰ ਸਿੰਘ ਰਾਮਨਗਰ, ਸੁਖਜੀਵਨ ਸਿੰਘ ਰਾਮਨਗਰ ਤੇ ਕਈ ਔਰਤਾਂ ਭੈਣਾਂ ਮਜ਼ਦੂਰ ਸ਼ਾਮਲ ਸਨ। ਇਸ ਮਾਮਲੇ ਨਾਲ ਸਪੱਸ਼ਟ ਹੈ ਕਿ ਕਿਸਾਨ ਤੇ ਮਜ਼ਦੂਰ ਸਮਾਜ ਵੱਲੋਂ ਆਪਣੇ ਹੱਕਾਂ ਦੀ ਰੱਖਿਆ ਲਈ ਅਗਲੇ ਦਿਨਾਂ ’ਚ ਵੀ ਸਖ਼ਤ ਰਵੱਈਆ ਜਾਰੀ ਰਹੇਗਾ।