- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਮ ਲੋਕਾਂ ਲਈ ਗਲੇ ਦੀ ਹੱਡੀ ਬਣੇ ਗਲੀਆਂ ਵਿਚ ਘਰਾਂ ਅੱਗੇ ਬਣਾਏ ਰੈਂਪ

-ਦੋਪਹੀਆ ਵਾਹਨਾਂ, ਸਾਈਕਲ ਸਵਾਰਾਂ, ਬੁਜ਼ੁਰਗਾਂ ਤੇ ਬੱਚਿਆਂ ਲਈ ਵੀ ਬਣੇ ਖ਼ਤਰਾ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ : ਤਲਵੰਡੀ ਸਾਬੋ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਵਿਚ ਘਰਾਂ ਦੇ ਬਿਲਕੁਲ ਅੱਗੇ ਮਨਮਰਜ਼ੀ ਨਾਲ ਬਣਾਏ ਗਏ ਰੈਂਪ ਅੱਜਕੱਲ੍ਹ ਆਮ ਲੋਕਾਂ ਲਈ ਵੱਡੀ ਮੁਸ਼ਕਲ ਬਣੇ ਹੋਏ ਹਨ। ਇਨ੍ਹਾਂ ਰੈਂਪਾਂ ਨੂੰ ਲੈ ਕੇ ਸ਼ਹਿਰ ਦੇ ਕਈ ਇਲਾਕਿਆਂ ’ਚ ਆਪਸੀ ਭਰਾਵਾਂ ਵਿਚ ਤੂੰ-ਤੂੰ ਮੈਂ ਅਤੇ ਤਕਰਾਰਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਸਮਾਜਿਕ ਮਾਹੌਲ ਖਰਾਬ ਹੋ ਰਿਹਾ ਹੈ। ਸ਼ਹਿਰ ਵਾਸੀਆਂ ਦਾ ਦੋਸ਼ ਹੈ ਕਿ ਕੁਝ ਲੋਕਾਂ ਵੱਲੋਂ ਆਪਣੇ ਨਿੱਜੀ ਸਵਾਰਥ ਲਈ ਗਲੀਆਂ ਦੀ ਸਰਕਾਰੀ ਜ਼ਮੀਨ ’ਤੇ ਘਰਾਂ ਦੇ ਅੱਗੇ ਉੱਚੇ ਅਤੇ ਤਿੱਖੇ ਰੈਂਪ ਤਿਆਰ ਕਰ ਲਏ ਗਏ ਹਨ। ਇਹ ਰੈਂਪ ਨਾ ਸਿਰਫ਼ ਸੜਕ ਦੀ ਕੁਦਰਤੀ ਬਣਾਵਟ ਨੂੰ ਨੁਕਸਾਨ ਪਹੁੰਚਾ ਰਹੇ ਹਨ, ਸਗੋਂ ਦੋਪਹੀਆ ਵਾਹਨਾਂ, ਸਾਈਕਲ ਸਵਾਰਾਂ, ਬੁਜ਼ੁਰਗਾਂ ਅਤੇ ਬੱਚਿਆਂ ਲਈ ਵੀ ਖ਼ਤਰਾ ਬਣੇ ਹੋਏ ਹਨ। ਇਸ ਸਬੰਧੀ ਅੱਜ ਤਲਵੰਡੀ ਸਾਬੋ ਦੇ ਵਿੱਚ ਗਲੀ ਨਿਵਾਸੀ ਨੇ ਕਿਹਾ ਕਿ “ਰੈਂਪ ਇੰਨੇ ਉੱਚੇ ਬਣਾਏ ਗਏ ਹਨ ਕਿ ਵਾਹਨ ਲੰਘਦੇ ਸਮੇਂ ਅਕਸਰ ਫਿਸਲ ਜਾਂਦੇ ਹਨ। ਕਈ ਵਾਰ ਤਾਂ ਦੁਰਘਟਨਾਵਾਂ ਹੁੰਦੀਆਂ-ਹੁੰਦੀਆਂ ਬਚੀਆਂ ਹਨ।” ਇਕ ਹੋਰ ਨਿਵਾਸੀ ਮਹਿਲਾ ਨੇ ਦੱਸਿਆ ਕਿ “ਬੱਚਿਆਂ ਨੂੰ ਸਕੂਲ ਭੇਜਣ ਅਤੇ ਬੁਜ਼ੁਰਗਾਂ ਨੂੰ ਤੁਰਨ ਵਿੱਚ ਬਹੁਤ ਦਿੱਕਤ ਆ ਰਹੀ ਹੈ, ਪਰ ਸ਼ਿਕਾਇਤ ਕਰਨ ’ਤੇ ਝਗੜੇ ਦੀ ਨੌਬਤ ਆ ਜਾਂਦੀ ਹੈ।”
ਕੁਝ ਲੋਕਾਂ ਦਾ ਕਹਿਣਾ ਹੈ ਕਿ ਰੈਂਪ ਬਿਨਾਂ ਬਣਾਏ ਘਰ ਵਿਚ ਵਾਹਨ ਲੈ ਜਾਣਾ ਮੁਸ਼ਕਲ ਹੋ ਜਾਂਦਾ ਹੈ, ਪਰ ਇਹ ਕੰਮ ਨਿਯਮਾਂ ਅਨੁਸਾਰ ਅਤੇ ਨਗਰ ਕੌਂਸਲ ਦੀ ਮਨਜ਼ੂਰੀ ਨਾਲ ਹੀ ਹੋਣਾ ਚਾਹੀਦਾ ਹੈ। ਮਨਮਰਜ਼ੀ ਨਾਲ ਬਣਾਏ ਗਏ ਰੈਂਪਾਂ ਕਾਰਨ ਪੂਰੇ ਮੁਹੱਲੇ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਵੀ ਇਹ ਸਪੱਸ਼ਟ ਕੀਤਾ ਹੈ ਕਿ ਸ਼ਹਿਰੀ ਖੇਤਰਾਂ ਵਿਚ ਸੜਕਾਂ ਜਾਂ ਗਲੀਆਂ ’ਤੇ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਸਬੰਧਤ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤੀ ਜਾ ਸਕਦੀ। ਸਰਕਾਰ ਨੇ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਹੈ ਕਿ ਆਮ ਲੋਕਾਂ ਦੀ ਸਹੂਲਤ ਨੂੰ ਧਿਆਨ ’ਚ ਰੱਖਦੇ ਹੋਏ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾਵੇ। ਕੁੱਲ ਮਿਲਾ ਕੇ ਤਲਵੰਡੀ ਸਾਬੋ ਸ਼ਹਿਰ ਵਿੱਚ ਗਲੀਆਂ ਦੇ ਰੈਂਪਾਂ ਦਾ ਮਸਲਾ ਦਿਨੋਂ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਲੋੜ ਹੈ ਕਿ ਨਗਰ ਕੌਂਸਲ ਅਤੇ ਪ੍ਰਸ਼ਾਸਨ ਮਿਲ ਕੇ ਢੁੱਕਵਾਂ ਹੱਲ ਕੱਢਣ, ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲੇ ਤੇ ਸ਼ਹਿਰ ਵਿਚ ਅਮਨ-ਸ਼ਾਂਤੀ ਬਣੀ ਰਹੇ।
ਇਸ ਮਾਮਲੇ ’ਤੇ ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਸਰਾਂ ਦੇ ਪੁੱਤਰ ਹਰਜੀਤ ਸਿੰਘ ਸਰਾਂ ਹਲਕਾ ਕੋਆਰਡੀਨੇਟਰ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕਿਸੇ ਵੀ ਗਲੀ ਵਿਚ ਘਰਾਂ ਦੇ ਅੱਗੇ ਨਿੱਜੀ ਰੈਂਪ ਬਣਾਉਣ ਦੀ ਖੁੱਲ੍ਹੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ “ਜੇਕਰ ਕਿਤੇ ਵੀ ਨਿਯਮਾਂ ਦੇ ਉਲਟ ਰੈਂਪ ਬਣੇ ਹੋਏ ਹਨ ਤਾਂ ਉਨ੍ਹਾਂ ਦੀ ਜਾਂਚ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ।” ਨਾਲ ਹੀ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਸੀ ਤਕਰਾਰਾਂ ਤੋਂ ਬਚਦੇ ਹੋਏ ਆਪਣੀ ਸ਼ਿਕਾਇਤ ਨਗਰ ਕੌਂਸਲ ਕੋਲ ਦਰਜ ਕਰਵਾਈ ਜਾਵੇ। ਹਰਜੀਤ ਸਰਾਂ ਨੇ ਤਲਵੰਡੀ ਸਾਬੋ ਵਿਖੇ ਰੈਂਪਾਂ ਨੂੰ ਲੈ ਕੇ ਹੋਏ, ਇੱਕ ਪਰਿਵਾਰਕ ਝਗੜੇ ਨੂੰ ਨਿਪਟਾਉਂਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਸਾਰੇ ਐਮਸੀ ਸਾਹਿਬਾਨਾਂ ਤੇ ਤਲਵੰਡੀ ਦੇ ਮੋਹਤਬਰਾਂ ਨਾਲ ਇਕ ਮੀਟਿੰਗ ਕੀਤੀ ਜਾਵੇਗੀ, ਜਿਸ ਦੌਰਾਨ ਇਸ ਮੁੱਦੇ ਨੂੰ ਵਿਚਾਰਿਆ ਜਾਵੇਗਾ ਤੇ ਜੇ ਸਖਤੀ ਨਾਲ ਫੈਸਲਾ ਲੈਣਾ ਪਿਆ ਤਾਂ ਆ ਕੀ ਬਣਾਏ ਹੋਏ ਹੰਪਾ ਖਿਲਾਫ ਸਖਤੀ ਨਾਲ ਕਾਨੂੰਨੀ ਨੋਟਿਸ ਵੀ ਜਾਰੀ ਕੀਤਾ ਜਾਵੇਗਾ।