ਰਿਕਾਰਡ ਰੂਮ ’ਚ ਅੱਗ ਲੱਗਣ ਦੀ ਘਟਨਾ ਸ਼ੱਕੀ, ਉੱਚ ਪੱਧਰੀ ਹੋਵੇ ਜਾਂਚ : ਬਬਲੀ ਢਿੱਲੋ
ਨਗਰ ਨਿਗਮ ਬਠਿੰਡਾ ਦੇ ਰਿਕਾਰਡ ਰੂਮ ਵਿਚ ਅੱਗ ਲੱਗਣ
Publish Date: Sat, 31 Jan 2026 05:20 PM (IST)
Updated Date: Sun, 01 Feb 2026 04:08 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਨਿਗਮ ਬਠਿੰਡਾ ਦੇ ਰਿਕਾਰਡ ਰੂਮ ਵਿਚ ਅਚਾਨਕ ਅੱਗ ਲੱਗਣ ਦੀ ਘਟਨਾ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਨੇ ਇਸ ਘਟਨਾ ਨੂੰ ਪੂਰੀ ਤਰ੍ਹਾਂ ਸ਼ੱਕੀ ਕਰਾਰ ਦਿੰਦਿਆਂ ਉੱਚ ਪੱਧਰੀ ਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਹੁਣੇ ਜਿਹੇ ਨਗਰ ਨਿਗਮ ਵਿਚ ਹੋਏ ਕਰੋੜਾਂ ਰੁਪਏ ਦੇ ਟੈਂਡਰਾਂ ਦੇ ਘੁਟਾਲੇ ਦਾ ਮਾਮਲਾ ਜਨਤਕ ਚਰਚਾ ਵਿਚ ਸੀ ਅਤੇ ਅਜਿਹੇ ਸਮੇਂ ਵਿਚ ਰਿਕਾਰਡ ਰੂਮ ਨੂੰ ਅੱਗ ਲੱਗਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਕਿਹਾ ਕਿ ਨਿਗਮ ਦੇ ਰਿਕਾਰਡ ਰੂਮ ਵਿਚ ਵਿਕਾਸ ਕਾਰਜਾਂ, ਟੈਂਡਰ ਪ੍ਰਕਿਰਿਆ, ਭੁਗਤਾਨਾਂ ਅਤੇ ਹੋਰ ਮਹੱਤਵਪੂਰਨ ਦਸਤਾਵੇਜ਼ਾਂ ਨਾਲ ਸਬੰਧਿਤ ਫਾਈਲਾਂ ਮੌਜੂਦ ਹੁੰਦੀਆਂ ਹਨ। ਜੇਕਰ ਇਨ੍ਹਾਂ ਰਿਕਾਰਡਾਂ ਨੂੰ ਨੁਕਸਾਨ ਪਹੁੰਚਿਆ ਹੈ ਤਾਂ ਇਸ ਨਾਲ ਸੱਚ ਸਾਹਮਣੇ ਆਉਣ ਵਿਚ ਵੱਡੀ ਰੁਕਾਵਟ ਪੈਦਾ ਹੋ ਸਕਦੀ ਹੈ। ਉਨ੍ਹਾਂ ਸ਼ੰਕਾ ਜਤਾਈ ਕਿ ਕਿਤੇ ਇਹ ਅੱਗ ਘੁਟਾਲਿਆਂ ਨਾਲ ਜੁੜੇ ਸਬੂਤ ਮਿਟਾਉਣ ਦੀ ਕੋਸ਼ਿਸ਼ ਤਾਂ ਨਹੀਂ। ਬਠਿੰਡਾ ਦੇ ਲੋਕ ਪਹਿਲਾਂ ਹੀ ਨਗਰ ਨਿਗਮ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ ਅਤੇ ਟੈਂਡਰਾਂ ਵਿਚ ਮਿਲੀਭੁਗਤ, ਪੱਖਪਾਤ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਤਾਰ ਲੱਗ ਰਹੇ ਹਨ। ਅਜਿਹੇ ਹਾਲਾਤਾਂ ਵਿਚ ਰਿਕਾਰਡ ਰੂਮ ਵਿਚ ਅੱਗ ਲੱਗਣ ਦੀ ਘਟਨਾ ਲੋਕਾਂ ਦੇ ਸ਼ੱਕ ਨੂੰ ਹੋਰ ਵਧਾਉਂਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਨੂੰ ਹਲਕੇ ਵਿਚ ਨਾ ਲਿਆ ਜਾਵੇ। ਇਕਬਾਲ ਸਿੰਘ ਬਬਲੀ ਢਿੱਲੋ ਨੇ ਮੰਗ ਕੀਤੀ ਕਿ ਰਿਕਾਰਡ ਰੂਮ ਵਿਚ ਅੱਗ ਲੱਗਣ ਦੇ ਕਾਰਨਾਂ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇ ਅਤੇ ਇਹ ਵੀ ਪਤਾ ਲਗਾਇਆ ਜਾਵੇ ਕਿ ਕਿਹੜਾ ਰਿਕਾਰਡ ਸੜਿਆ ਜਾਂ ਨੁਕਸਾਨੀ ਹੋਇਆ ਹੈ। ਨਾਲ ਹੀ ਨਗਰ ਨਿਗਮ ਵਿਚ ਹੁਣ ਤੱਕ ਹੋਏ ਸਾਰੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਵੀ ਵੱਖਰੇ ਤੌਰ ’ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸ਼੍ਰੋਮਣੀ ਅਕਾਲੀ ਦਲ ਸੜਕਾਂ ‘ਤੇ ਉਤਰ ਕੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰੇਗਾ। ਉਨ੍ਹਾਂ ਕਿਹਾ ਕਿ ਬਠਿੰਡਾ ਦੇ ਨਾਗਰਿਕਾਂ ਦੇ ਟੈਕਸ ਦੇ ਪੈਸਿਆਂ ਦੀ ਲੁੱਟ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿਚ ਲਿਆਉਣਾ ਜ਼ਰੂਰੀ ਹੈ।