ਬੱਚਿਆਂ ਦੇ ਚੰਗੇਰੇ ਭਵਿੱਖ ਲਈ ਸਰਕਾਰੀ ਸਕੂਲਾਂ ਨਾਲ ਜੁੜਨ ਦੀ ਅਪੀਲ
ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਸਰਕਾਰੀ ਸਕੂਲਾਂ ਨਾਲ ਜੁੜਨ ਦੀ ਅਪੀਲ
Publish Date: Sat, 31 Jan 2026 05:10 PM (IST)
Updated Date: Sun, 01 Feb 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ‘ਦਾਖ਼ਲਾ ਜਾਗਰੂਕਤਾ ਮੁਹਿੰਮ 2026’ ਦੇ ਦੂਸਰੇ ਦਿਨ ਦਾ ਆਗਾਜ਼ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਤੋਂ ਬਹੁਤ ਉਤਸ਼ਾਹ ਨਾਲ ਕੀਤਾ। ਇਸ ਮੌਕੇ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਨੇ ਦਾਖ਼ਲਾ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਅਗਲੇ ਪੜਾਅ ਲਈ ਰਵਾਨਾ ਕੀਤਾ। ਹੈੱਡ ਮਾਸਟਰ ਕੁਲਵਿੰਦਰ ਸਿੰਘ ਕਟਾਰੀਆ ਦੀ ਅਗਵਾਈ ਵਿਚ ਸਕੂਲ ਸਟਾਫ਼ ਵੈਨ ਦਾ ਨਿੱਘਾ ਸਵਾਗਤ ਕੀਤਾ। ਵਿਧਾਇਕ ਨੇ ਮਾਪਿਆਂ ਨੂੰ ਕਿਹਾ ਕਿ ਸਰਕਾਰੀ ਸਕੂਲਾਂ ਦੀ ਨੁਹਾਰ ਹੁਣ ਬਦਲ ਚੁੱਕੀ ਹੈ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਇਨ੍ਹਾਂ ਸਕੂਲਾਂ ਨਾਲ ਜੁੜਨਾ ਚਾਹੀਦਾ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਿੱਧੂ ਨੇ ਵੀ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅੱਜ ਦੇ ਸਮੇਂ ਅਤਿ-ਆਧੁਨਿਕ ਸਹੂਲਤਾਂ ਉਪਲਬਧ ਹਨ ਅਤੇ ਅਧਿਆਪਕ ਬੱਚਿਆਂ ਦੇ ਭਵਿੱਖ ਸੰਵਾਰਨ ਲਈ ਪੂਰੀ ਲਗਨ ਨਾਲ ਕੰਮ ਕਰ ਰਹੇ ਹਨ। ਇਸ ਲਈ ਮਾਪੇ ਬਿਨਾਂ ਕਿਸੇ ਝਿਜਕ ਆਪਣੇ ਬੱਚਿਆਂ ਨੂੰ ਇੱਥੇ ਦਾਖ਼ਲ ਕਰਵਾਓ। ਦਾਖ਼ਲਾ ਜਾਗਰੂਕਤਾ ਵੈਨ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਤੋਂ ਮਹਿਰਾਜ, ਸੇਲਬਰਾਹ, ਭਾਈ ਰੂਪਾ, ਗੁੰਮਟੀ, ਦਿਆਲਪੁਰਾ ਮਿਰਜ਼ਾ, ਕਲਿਆਣ ਸੁੱਖਾ ਅਤੇ ਸਰਕਾਰੀ ਪ੍ਰਾਇਮਰੀ ਫੁਲੀ ਏਸੀ ਸਮਾਰਟ ਸਕੂਲ ਨਥਾਣਾ ਲੜਕੇ ਤਕ ਪਹੁੰਚੀ। ਹਰ ਥਾਂ ਸਕੂਲ ਅਧਿਆਪਕਾਂ ਅਤੇ ਸੈਂਟਰ ਹੈੱਡ ਟੀਚਰਾਂ ਵੱਲੋਂ ਸੰਗਤ ਅਤੇ ਮਾਪਿਆਂ ਦਾ ਸਵਾਗਤ ਕੀਤਾ ਗਿਆ। ਜਾਗਰੂਕਤਾ ਮੁਹਿੰਮ ਦੌਰਾਨ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਵਰਦੀਆਂ, ਕਿਤਾਬਾਂ ਅਤੇ ਮਿਡ-ਡੇ-ਮੀਲ ਵਰਗੀਆਂ ਸਹੂਲਤਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਇਸ ਦੌਰਾਨ ਹੀ ਪੰਜ ਬੱਚਿਆਂ ਨੇ ਮੌਕੇ ‘ਤੇ ਹੀ ਦਾਖ਼ਲਾ ਲਿਆ। ਮੁਹਿੰਮ ਨੂੰ ਸਫਲ ਬਣਾਉਣ ’ਚ ਜ਼ਿਲ੍ਹਾ ਤੇ ਬਲਾਕ ਸਿੱਖਿਆ ਕੋਆਰਡੀਨੇਟਰ, ਮੁੱਖ ਅਧਿਆਪਕ, ਸੈਂਟਰ ਹੈੱਡ ਟੀਚਰ ਤੇ ਸੇਵਾਦਾਰਾਂ ਨੇ ਅਹਿਮ ਯੋਗਦਾਨ ਪਾਇਆ। ਡਾ. ਸੁਖਪਾਲ ਸਿੰਘ ਸਿੱਧੂ ਦਾ ਗੀਤ ‘ਜਾਗੋ’ ਵੀ ਮੁਹਿੰਮ ਦੌਰਾਨ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ।