ਸੀ-ਪਾਇਟ ਕੈਂਪ ’ਚ ਨੌਜਵਾਨਾਂ ਲਈ ਮੁਫ਼ਤ ਹੁਨਰ ਵਿਕਾਸ ਕੋਰਸ ਸ਼ੁਰੂ
ਸੀ-ਪਾਇਟ ਕੈਂਪ ਕਾਲਝਰਾਨੀ ਵਿਚ ਨੌਜਵਾਨਾਂ ਲਈ ਮੁਫ਼ਤ ਹੁਨਰ ਵਿਕਾਸ ਕੋਰਸ ਸ਼ੁਰੂ
Publish Date: Sat, 31 Jan 2026 04:45 PM (IST)
Updated Date: Sun, 01 Feb 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਏਡੀਸੀ (ਵਿਕਾਸ) ਮੈਡਮ ਕੰਚਨ ਨੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੀ-ਪਾਇਟ ਕੈਂਪ ਕਾਲਝਰਾਨੀ ਵਿਖੇ ਸ਼ੁਰੂ ਹੋ ਰਹੇ ਸਕਿਉਰਿਟੀ ਸੁਪਰਵਾਈਜ਼ਰ ਕੋਰਸ ਦਾ ਵੱਧ ਤੋਂ ਵੱਧ ਲਾਭ ਉਠਾਉਣ। ਇਹ ਕੋਰਸ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਅਤੇ ਨਿੱਜੀ ਖੇਤਰ ਵਿਚ ਰੁਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਸਮੇਤ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਨਾਲ ਸਬੰਧਤ ਯੋਗ ਨੌਜਵਾਨ ਇਸ ਕੋਰਸ ਲਈ ਦਾਖ਼ਲਾ ਲੈ ਸਕਦੇ ਹਨ। ਦਾਖ਼ਲੇ ਸਬੰਧੀ ਜਾਣਕਾਰੀ ਲਈ ਉਮੀਦਵਾਰ ਸਥਾਨਕ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਜਾਂ ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿਚ ਸਥਿਤ ਪੰਜਾਬ ਸਕਿੱਲ ਡਿਵੈਲਪਮੈਂਟ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਨਾਲ ਸੰਪਰਕ ਕਰ ਸਕਦੇ ਹਨ। ਮੈਡਮ ਕੰਚਨ ਨੇ ਹੋਰ ਦੱਸਿਆ ਕਿ ਸੀ-ਪਾਇਟ ਕੈਂਪ ਕਾਲਝਰਾਨੀ ਦੇ ਨੇੜਲੇ ਇਲਾਕਿਆਂ ਦੇ ਨੌਜਵਾਨ ਸਿੱਧੇ ਤੌਰ ’ਤੇ ਕੈਂਪ ਇੰਚਾਰਜ ਨਾਲ ਮਿਲ ਕੇ ਵੀ ਦਾਖ਼ਲਾ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਇਹ ਕੋਰਸ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਅਧੀਨ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਬਿਲਕੁਲ ਮੁਫ਼ਤ ਕਰਵਾਇਆ ਜਾ ਰਿਹਾ ਹੈ। ਟ੍ਰੇਨਿੰਗ ਦੌਰਾਨ ਮੁਫ਼ਤ ਕਿਤਾਬਾਂ, ਵਰਦੀ ਅਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕੋਰਸ ਪੂਰਾ ਕਰਨ ਉਪਰੰਤ ਸਰਕਾਰੀ ਸਰਟੀਫਿਕੇਟ ਤੇ ਰੁਜ਼ਗਾਰ ਲਈ ਮਦਦ ਵੀ ਪ੍ਰਦਾਨ ਕੀਤੀ ਜਾਵੇਗੀ।