- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ ਵਿਖੇ ਦੋ ਰੋਜ਼ਾ ਚੈਂਪੀਅਨਜ਼ ਮੀਟ ਸਫਲਤਾਪੂਰਵਕ ਸਮਾਪਤ

ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋਂ
ਸੁਦੇਸ਼ ਵਾਟਿਕਾ ਕਾਨਵੈਂਟ ਸਕੂਲ, ਭਾਗੀਵਾਂਦਰ ਵਿਖੇ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਈ ਗਈ ਚੈਂਪੀਅਨਜ਼ ਮੀਟ ਅਨੇਕਾਂ ਦਿਲਾਂ ’ਤੇ ਅਮਿੱਟ ਯਾਦਾਂ ਛੱਡਦੀ ਹੋਈ ਸਫਲਤਾਪੂਰਵਕ ਸਮਾਪਤ ਹੋਈ । ਇਸ ਦੌਰਾਨ ਪਹੁੰਚੇ ਬਹੁਤ ਸਾਰੇ ਪਤਵੰਤੇ ਸੱਜਣਾਂ ਅਤੇ ਮੁੱਖ ਮਹਿਮਾਨਾਂ ਨੇ ਖੇਡ ਮੁਕਾਬਲਿਆਂ ਨੂੰ ਚਾਰ-ਚੰਨ ਲਗਾਏ ਅਤੇ ਵਿਦਿਆਰਥੀਆਂ ਦੇ ਹੌਸਲੇ ਅਤੇ ਜਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੁਕਾਬਲੇ ਵਿਦਿਆਰਥੀ ਜੀਵਨ ਵਿਚ ਅਹਿਮ ਰੋਲ ਨਿਭਾਉਂਦੇ ਹਨ ,ਇਹ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਪੱਖੋਂ ਸਗੋਂ ਸਰਵਪੱਖੀ ਵਿਕਾਸ ਕਰਕੇ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਵੀ ਸਹਾਇਤਾ ਕਰਦੇ ਹਨ।ਇਸ ਖੇਡ ਮੇਲੇ ਵਿੱਚ ਨਰਸਰੀ ਤੋਂ ਲੈ ਕੇ ਸੀਨੀਅਰ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ, ਅਨੁਸ਼ਾਸਨ ਅਤੇ ਟੀਮ ਵਰਕ ਨਾਲ ਭਾਗ ਲਿਆ।ਖੇਡ ਮੇਲੇ ਦੌਰਾਨ ਸਕੂਲ ਚੇਅਰਮੈਨ ਵਿਨੋਦ ਖੁਰਾਣਾ , ਸਕੂਲ ਪ੍ਰਧਾਨ ਲਗਨ ਖੁਰਾਣਾ , ਸਕੂਲ ਦੇ ਪ੍ਰਿੰਸੀਪਲ ਮੈਡਮ ਮੀਨੂੰ ਗਰਗ ਦੀ ਅਗਵਾਈ ਹੇਠ ਮੁੱਖ ਮਹਿਮਾਨ ਡਾ. ਨਵਦੀਪ ਭਾਰਦਵਾਜ (ਨੈਸ਼ਨਲ ਪ੍ਰੈਜ਼ੀਡੈਂਟ, ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ), ਮਹਿਮਾਨ ਡਾ. ਸੋਨੀਆ (ਐਸਐਮਓ., ਸਿਵਲ ਹਸਪਤਾਲ), ਸੁਖਮੰਦਰ ਸਿੰਘ (ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ), ਮਹਿੰਦਰ ਸਿੰਘ ਭੋਲਾ (ਸਟੇਟ ਜਨਰਲ ਸਕੱਤਰ, ਪੂਸਾ ਪੰਜਾਬ), ਮਹਿੰਦਰ ਗੋਇਲ (ਸਟੇਟ ਟ੍ਰੇਜ਼ਰਰ, ਪੂਸਾ ਪੰਜਾਬ) ਤੇ ਮਿਸਿਜ਼ ਵੀਨਾ (ਪ੍ਰਿੰਸੀਪਲ, ਸੈਂਟ ਸੋਲਜਰ ਸਕੂਲ) ਅਤੇ ਪਿੰਡ ਦੇ ਸਰਪੰਚ ਮੈਂਬਰ ਅਤੇ ਹੋਰ ਆਗੂ ਹਾਜ਼ਰ ਸਨ।
ਖੇਡਾਂ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ। ਡਾ. ਰਾਧਾਕ੍ਰਿਸ਼ਨਨ ਹਾਊਸ, ਡਾ. ਅੰਬੇਡਕਰ ਹਾਊਸ, ਰਾਣੀ ਲਕਸ਼ਮੀ ਬਾਈ ਹਾਊਸ ਅਤੇ ਸ਼ਹੀਦ ਊਧਮ ਸਿੰਘ ਹਾਊਸ ਦੇ ਵਿਦਿਆਰਥੀਆਂ ਨੇ ਝੰਡਿਆਂ ਸਮੇਤ ਅਨੁਸ਼ਾਸਿਤ ਮਾਰਚ ਪਾਸਟ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਖਿਡਾਰੀਆਂ ਵੱਲੋਂ ਖੇਡ ਭਾਵਨਾ ਤੇ ਇਮਾਨਦਾਰੀ ਨਾਲ ਖੇਡਣ ਦੀ ਸਹੁੰ ਚੁੱਕੀ ਗਈ। ਖੇਡ ਮੇਲੇ ਦੌਰਾਨ 50 ਮੀਟਰ ਅਤੇ 100 ਮੀਟਰ ਦੌੜ (ਨਰਸਰੀ ਅਤੇ ਪ੍ਰਾਇਮਰੀ ਵਰਗ), 200 ਮੀਟਰ, 400 ਮੀਟਰ, 800 ਮੀਟਰ ਦੌੜ (ਸੀਨੀਅਰ ਵਰਗ), ਲੰਬੀ ਛਾਲ, ਉੱਚੀ ਛਾਲ, ਗੋਲਾ ਸੁੱਟ ਤੇ ਰੀਲੇਅ ਰੇਸ ਵਰਗੇ ਮੁਕਾਬਲੇ ਕਰਵਾਏ ਗਏ। ਛੋਟੇ ਬੱਚਿਆਂ ਲਈ ਲੈਮਨ ਰੇਸ, ਸੈਕ ਰੇਸ ਅਤੇ ਫ੍ਰਾਗ ਰੇਸ ਵਰਗੀਆਂ ਖੇਡਾਂ ਦਾ ਜਿੱਥੇ ਛੋਟੇ ਬੱਚਿਆਂ ਨੇ ਅਨੰਦ ਮਾਣਿਆ, ਉੱਥੇ ਹੀ ਮੌਜੂਦ ਬੱਚਿਆਂ ਦੇ ਮਾਪਿਆਂ ਨੇ ਵੀ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਅਤੇ ਬੱਚਿਆਂ ਦਾ ਹੌਸਲਾ ਵਧਾਇਆ । ਸਕੂਲ ਦੀ ਪ੍ਰਿੰਸੀਪਲ ਮੈਡਮ ਮੀਨੂੰ ਗਰਗ ਆਪਣੇ ਸੰਬੋਧਨ ਵਿਚ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ ਸਗੋਂ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਟੀਮ ਵਰਕ ਅਤੇ ਨੇਤ੍ਰਿਤਵ ਗੁਣਾਂ ਦਾ ਵਿਕਾਸ ਵੀ ਕਰਦੀਆਂ ਹਨ। ਖੇਡਾਂ ਦੇ ਨਾਲ ਨਾਲ ਵਿਦਿਆਰਥੀਆਂ ਵੱਲੋਂ ਗਿੱਧਾ, ਭੰਗੜਾ ਅਤੇ ਰੰਗਾਰੰਗ ਡਾਂਸ ਵਰਗੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਅੰਤ ਵਿਚ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ, ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਪਿੰਡ ਦੇ ਸਰਪੰਚ ਜਗਸੀਰ ਸਿੰਘ, ਜਗਤਾਰ ਸਿੰਘ (ਪ੍ਰਧਾਨ), ਜਸਵੀਰ ਸਿੰਘ (ਪੰਚ), ਦਲਵਾਰਾ ਸਿੰਘ (ਪੰਚ), ਬਲਵਿੰਦਰ ਸਿੰਘ ਹਾਜ਼ਰ ਹੋਏ। ਸਕੂਲ ਕੋਆਰਡੀਨੇਟਰ ਬੇਅੰਤ ਕੌਰ ਅਤੇ ਜੂਨੀਅਰ ਕੋਆਰਡੀਨੇਟਰ ਕਿਰਨਦੀਪ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ। ਦੋ ਰੋਜ਼ਾ ਚੈਂਪੀਅਨਜ਼ ਮੀਟ ਵਿਦਿਆਰਥੀਆਂ ਲਈ ਪ੍ਰੇਰਨਾਦਾਇਕ ਸਾਬਤ ਹੁੰਦੇ ਹੋਏ ਯਾਦਗਾਰ ਸਮਾਪਤ ਹੋ ਨਿੱਬੜੀ।