ਗੁਰੂ ਕਾਸ਼ੀ ਯੂਨੀਵਰਸਿਟੀ ’ਚ ਕੌਮਾਂਤਰੀ ਰਬਾਬ ਉਤਸਵ ਮਨਾਇਆ
ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਅੰਤਰ-ਰਾਸ਼ਟਰੀ ਰਬਾਬ ਉਤਸਵ ਮਨਾਇਆ
Publish Date: Fri, 30 Jan 2026 05:54 PM (IST)
Updated Date: Sat, 31 Jan 2026 04:08 AM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਆਲੋਪ ਹੋ ਰਹੇ ਤੰਤੀ ਸਾਜ਼ ਰਬਾਬ ਵਾਦਨ ਦੀ ਮੁੜ ਸੁਰਜੀਤੀ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਵੱਲੋਂ ਗੁਰੂ ਨਾਨਕ ਚੇਅਰ ਅਤੇ ਭਾਈ ਮਰਦਾਨਾ ਦੇ ਸਹਿਯੋਗ ਨਾਲ ਅੰਤਰ-ਰਾਸ਼ਟਰੀ ਰਬਾਬ ਉਤਸਵ ਮਨਾਇਆ ਗਿਆ। ਇਸ ਮੌਕੇ ਨਾਮਵਰ ਪੰਜਾਬੀ ਲੋਕ ਗਾਇਕ ਪਦਮ ਹੰਸ ਰਾਜ ਹੰਸ, ਚਾਂਸਲਰ ਜੀਕੇਯੂ ਗੁਰਲਾਭ ਸਿੰਘ ਸਿੱਧੂ ਤੇ ਵਾਈਸ ਚਾਂਸਲਰ ਪ੍ਰੋ. (ਡਾ.) ਰਾਮੇਸ਼ਵਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਸਤਾਦ ਹਮਾਂਯੂ ਸਖੀ (ਅਮਰੀਕਾ) ਦੇ ਰਬਾਬ ਵਾਦਨ ਨੇ ਆਪਣੇ ਲਾਜਵਾਬ ਵਾਦਨ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ।
ਤਬਲੇ ’ਤੇ ਪੰਡਿਤ ਸਿਧਾਰਥ ਚਟਰਜੀ ਤੇ ਲੀਨਾ ਬੇਦੀ (ਡਾਇਰੈਕਟਰ ਸਿੱਖ ਮਿਊਜ਼ਿਕ ਹੈਰੀਟੇਜ) ਦੇ ਸਿਤਾਰ ਵਾਦਨ ਅਤੇ ਗਾਇਨ ਦੀ ਜੁਗਲ ਬੰਦੀ ਨੇ ਦਰਸ਼ਕਾਂ ਦੀ ਬਿਰਤੀ ਪ੍ਰਭੂ ਸੰਗ ਲਗਾ ਦਿੱਤੀ। ਸਖੀ ਵੱਲੋਂ ਪੁਰਾਤਨ ਅਫਗਾਨੀ ਰਬਾਬ ਪ੍ਰਬੰਧਕਾਂ ਨੂੰ ਭੇਂਟ ਕੀਤੀ ਗਈ।ਚਾਂਸਲਰ ਸਿੱਧੂ ਅਤੇ ਵਾਈਸ ਚਾਂਸਲਰ ਡਾ. ਸਿੰਘ ਨੇ ਭਾਈ ਮਰਦਾਨਾ ਅਤੇ ਗੁਰੂ ਨਾਨਕ ਚੇਅਰ ਦੀ ਪਹਿਲਕਦਮੀ ਦੀ ਪ੍ਰਸ਼ੰਸਾ ਕਰਦੇ ਹੋਏ ਮੂਲ ਰੂਪ ਵਿਚ ਅਫ਼ਗਾਨੀਸਤਾਨ ਦੇ ਜੰਮਪਲ ਤੇ ਅਮਰੀਕਾ ਵਾਸੀ ਹੁਮਾਂਯੂ ਸਖੀ ਦੇ ਵਰਸਟੀ ਵਿਚ ਬਤੌਰ ਪ੍ਰੋਫੈਸਰ ਆਫ਼ ਪ੍ਰੈਕਟਿਸ ਜੁਆਇਨ ਕਰਨ ਤੇ ਸ਼ੁਭ ਕਾਮਨਾਵਾਂ ਭੇਂਟ ਕੀਤੀਆਂ। ਉਨ੍ਹਾਂ ਕਿਹਾ ਕਿ ਵਰਸਿਟੀ ਭਵਿੱਖ ਵਿਚ ਪੰਜਾਬੀ ਲੋਕ ਸੰਗੀਤ, ਤੰਤੀ ਸਾਜਾਂ ਅਤੇ ਗੁਰਮਤਿ ਸੰਗੀਤ ਤੇ ਵਿਕਾਸ ਅਤੇ ਪ੍ਰਚਾਰ-ਪਾਸਾਰ ਲਈ ਵੱਡੇ ਪੱਧਰ ਤੇ ਸੰਗੀਤ ਸੰਮੇਲਨ ਆਯੋਜਿਤ ਕਰਨ ਦੀ ਯੋਜਨਾ ਤੇ ਕੰਮ ਕਰ ਰਹੀ ਹੈ।
ਉਨ੍ਹਾਂ ਰਬਾਬ ਵਾਦਨ ਅਤੇ ਗੁਰਮਤ ਸੰਗੀਤ ਦੇ ਖੇਤਰ ਵਿੱਚ ਖੋਜ ਕਾਰਜ ਲਈ ਵਿਦਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੂੰ ਇਸ ਦਿਸ਼ਾ ਵੱਲ ਕੰਮ ਕਰਨ ਦੀ ਗੱਲ ਕਹੀ। ਹੰਸ ਨੇ ਜੀਕੇਯੂ ਵੱਲੋਂ ਪੰਜਾਬੀ ਅਮੀਰ ਵਿਰਸੇ ਦੀ ਸਾਂਭ-ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਰਤਮਾਨ ਪੀੜ੍ਹੀ ਨੂੰ ਸਾਡੇ ਤੰਤੀ ਸਾਜ਼ਾਂ ਨਾਲ ਜੁੜ੍ਹ ਕੇ ਇਸਦੇ ਪ੍ਰਚਾਰ-ਪਾਸਾਰ ਲਈ ਯਤਨ ਕਰਨੇ ਚਾਹੀਦੇ ਹਨ। ਡਾ. ਗੁਰਪ੍ਰੀਤ ਕੌਰ, ਡੀਨ ਫੈਕਲਟੀ ਆਫ ਵਿਜ਼ੂਅਲ ਐਂਡ ਪਰਫਾਰਮਿੰਗ ਆਰਟਸ ਨੇ ਆਪਣੇ ਧੰਨਵਾਦੀ ਭਾਸ਼ਣ ਵਿਚ ਕਿਹਾ ਕਿ ਅਜਿਹੇ ਸਮਾਰੋਹ ਸਾਡੇ ਅਧਿਆਤਮਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਉੱਤਮ ਉਪਰਾਲਾ ਹਨ। ਉਨ੍ਹਾਂ ਹੁਮਾਂਯੂ ਸਖੀ ਵੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਨੂੰ ਭੇਂਟ ਕੀਤੀ ਗਈ ਰਬਾਬ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਅਤੇ ਸੰਗੀਤ ਉਸਤਾਦਾਂ ਨੂੰ ਸਨਮਾਨ ਪੱਤਰ, ਦੁਸ਼ਾਲੇ ਅਤੇ ਸਮ੍ਰਿਤੀ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।