ਪਾਕਿਸਤਾਨੀ ਨਾਗਰਿਕ 'ਤੇ ਜਾਨੋਂ ਮਾਰਨ ਦੀ ਧਮਕੀ ਦਾ ਦੋਸ਼
ਪਾਕਿਸਤਾਨੀ ਨਾਗਰਿਕ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਦੋਸ਼
Publish Date: Fri, 30 Jan 2026 05:30 PM (IST)
Updated Date: Sat, 31 Jan 2026 04:08 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਜ਼ਿਲ੍ਹੇ ਦੇ ਪਿੰਡ ਗੁਰੂਸਰ ਸਾਹਣੇਵਾਲਾ ਦੇ ਨਿਵਾਸੀ ਸੁਖਪਾਲ ਸਿੰਘ ਸਰਾਂ ਨੇ ਇਕ ਪਾਕਿਸਤਾਨੀ ਨਾਗਰਿਕ 'ਤੇ ਉਸਨੂੰ ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਹਨ। ਉਸਨੇ ਪੰਜਾਬ ਪੁਲਿਸ ਦੇ ਡੀਜੀਪੀ, ਡੀਜੀਪੀ ਸੁਰੱਖਿਆ, ਡੀਆਈਜੀ ਸੁਰੱਖਿਆ ਰੇਂਜ ਤੇ ਐੱਸਐੱਸਪੀ ਬਠਿੰਡਾ ਨੂੰ ਲਿਖਤੀ ਸ਼ਿਕਾਇਤ ਭੇਜੀ ਹੈ, ਜਿਸ ’ਚ ਤੁਰੰਤ ਸੁਰੱਖਿਆ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉਸਨੇ ਕਿਹਾ ਕਿ ਉਹ ਲੋਕਤੰਤਰੀ ਤੇ ਕਾਨੂੰਨੀ ਤਰੀਕਿਆਂ ਨਾਲ ਦੇਸ਼ ਵਿਰੋਧੀ ਸਰਗਰਮੀਆਂ, ਜੇਹਾਦੀ ਸਰਗਰਮੀਆਂ ਤੇ ਗ਼ੈਰ-ਕਾਨੂੰਨੀ ਧਰਮ ਪਰਿਵਰਤਨ ਵਿਰੁੱਧ ਆਵਾਜ਼ ਚੁੱਕਦਾ ਰਿਹਾ ਹੈ, ਜਿਸ ਕਾਰਨ ਉਸਨੂੰ ਤੇ ਉਸਦੇ ਪਰਿਵਾਰ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਹਨ। ਉਸ ਅਨੁਸਾਰ 28 ਜਨਵਰੀ, 2026 ਨੂੰ ਦੁਪਹਿਰ 3 ਵਜੇ ਦੇ ਕਰੀਬ, ਜਦੋਂ ਉਹ ਆਪਣੇ ਦੋਸਤ ਗੁਰਵਿੰਦਰ ਸਿੰਘ ਰਾਮਸਰਾ ਨਾਲ ਭੁੱਚੋ ਮੰਡੀ ਜਾ ਰਿਹਾ ਸੀ, ਤਾਂ ਉਸਨੂੰ ਉਸਦੇ ਮੋਬਾਈਲ ਨੰਬਰ 9216615115 'ਤੇ 9815860268 ਨੰਬਰ ਤੋਂ ਇੱਕ ਕਾਲ ਆਈ। ਕਾਲ ਕਰਨ ਵਾਲੇ ਨੇ ਪਹਿਲਾਂ ਆਪਣੀ ਪਛਾਣ "ਅਕਰਮ (ਦੁਬਈ ਤੋਂ)" ਵਜੋਂ ਕੀਤੀ ਅਤੇ ਬਾਅਦ ’ਚ ਆਪਣਾ ਨਾਂ ਸਾਜਿਦ ਭੱਟੀ, ਪਾਕਿਸਤਾਨ ਦਾ ਨਿਵਾਸੀ ਦੱਸਿਆ। ਆਪਣੇ ਪਰਿਵਾਰ ਬਾਰੇ ਨਿੱਜੀ ਜਾਣਕਾਰੀ ਹੋਣ ਦਾ ਦਾਅਵਾ ਕਰਦੇ ਹੋਏ ਦੋਸ਼ੀ ਨੇ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਤੇ ਸਪੱਸ਼ਟ ਤੌਰ 'ਤੇ ਕਿਹਾ ਕਿ ਉਸਨੂੰ ਅਤੇ ਉਸਦੇ ਪੂਰੇ ਪਰਿਵਾਰ ਨੂੰ 15 ਦਿਨਾਂ ’ਚ ਮਾਰ ਦਿੱਤਾ ਜਾਵੇਗਾ। ਧਮਕੀ ਤੋਂ ਬਾਅਦ ਸੁਖਪਾਲ ਸਿੰਘ ਸਰਾਂ ਆਪਣੀ ਸੁਰੱਖਿਆ ਲਈ ਫੋਨ ਕੱਟ ਦਿੱਤਾ ਤੇ ਉਥੋਂ ਚਲੇ ਗਏ। ਘਟਨਾ ਨੂੰ ਬਹੁਤ ਗੰਭੀਰ ਦੱਸਦਿਆਂ, ਉਨ੍ਹਾਂ ਕਿਹਾ ਕਿ ਇਹ ਮਾਮਲਾ ਨਾ ਸਿਰਫ ਉਨ੍ਹਾਂ ਦੀ ਨਿੱਜੀ ਸੁਰੱਖਿਆ, ਸਗੋਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨਾਲ ਵੀ ਸਬੰਧਤ ਹੈ। ਪੁਲਿਸ ਪ੍ਰਸ਼ਾਸਨ ਤੁਰੰਤ ਫੋਨ ’ਤੇ ਧਮਕੀ ਦੇਣ ਵਾਲੇ ਵਿਅਕਤੀ ਦੀ ਜਾਂਚ ਕਰੇ ਤੇ ਸ਼ਾਮਲ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰੇ। ਉਸਦੀ ਤੇ ਉਸਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜ ਅਨੁਸਾਰ ਪੁਲਿਸ ਸੁਰੱਖਿਆ ਪ੍ਰਦਾਨ ਕਰੇ।