ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਪੀਸੀਆਰ ਟੀਮ ਵੱਲੋਂ ਛਾਪਾਮਾਰੀ
ਸੜਕ ’ਤੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ, ਪੀਸੀਆਰ ਟੀਮ ਵੱਲੋਂ ਛਾਪੇਮਾਰੀ
Publish Date: Fri, 30 Jan 2026 05:12 PM (IST)
Updated Date: Sat, 31 Jan 2026 04:08 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਅੱਜ ਸਥਾਨਕ ਸ਼ਹਿਰ ਵਿਚ ਬੁੱਧਵਾਰ ਸ਼ਾਮ ਸੜਕਾਂ ’ਤੇ ਖੜ੍ਹ ਕੇ ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਭਾਰੀ ਸਾਬਤ ਹੋਈ, ਜਦੋਂ ਬਠਿੰਡਾ ਪੁਲਿਸ ਦੀ ਪੀਸੀਆਰ ਟੀਮ ਨੇ ਮੌਕੇ ’ਤੇ ਪਹੁੰਚ ਕੇ ਅਚਾਨਕ ਛਾਪੇਮਾਰੀ ਕੀਤੀ। ਇਸ ਦੌਰਾਨ ਸੜਕ ’ਤੇ ਜਾਮ ਖੜਕਾ ਰਹੇ ਕਈ ਸ਼ਰਾਬੀਆਂ ਨੂੰ ਮੌਕੇ ਤੋਂ ਖਦੇੜ ਕੇ ਸਖ਼ਤ ਚਿਤਾਵਨੀ ਦਿੱਤੀ। ਪੀਸੀਆਰ ਵਿੰਗ ਦੇ ਸਹਾਇਕ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਜੇਕਰ ਭਵਿੱਖ ਵਿਚ ਕੋਈ ਵੀ ਵਿਅਕਤੀ ਖੁੱਲ੍ਹੀ ਸੜਕ ’ਤੇ ਸ਼ਰਾਬ ਪੀਂਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਦਿਆਂ ਜੁਰਮਾਨਾ ਤੇ ਬਣਦੀ ਸਜ਼ਾ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਸ਼ਰਾਬ ਪਰੋਸਣ ਵਾਲੇ ਅਹਾਤਿਆਂ ਦੇ ਕਰਮਚਾਰੀਆਂ ਅਤੇ ਮਾਲਕਾਂ ਨੂੰ ਵੀ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਗ੍ਰਾਹਕ ਨੂੰ ਅਹਾਤੇ ਤੋਂ ਬਾਹਰ ਸ਼ਰਾਬ ਪਰੋਸੀ ਗਈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਫੌਜੀ ਚੌਂਕ ਨੇੜੇ ਸ਼ਰਾਬ ਦੇ ਠੇਕੇ ਦੇ ਨਾਲ ਦੋ ਅਹਾਤੇ ਬਣੇ ਹੋਏ ਹਨ, ਜਿੱਥੇ ਆਉਣ ਵਾਲੇ ਕਈ ਗ੍ਰਾਹਕ ਅਹਾਤੇ ਦੇ ਅੰਦਰ ਬੈਠਣ ਦੀ ਬਜਾਏ ਸੜਕ ’ਤੇ ਖੜ੍ਹ ਕੇ ਸ਼ਰਾਬ ਪੀਣਾ ਪਸੰਦ ਕਰਦੇ ਹਨ। ਇਹ ਹਾਲਤ ਇਲਾਕੇ ਦੇ ਵਸਨੀਕਾਂ ਅਤੇ ਆਮ ਰਾਹਗੀਰਾਂ ਲਈ ਕਾਫ਼ੀ ਸਮੇਂ ਤੋਂ ਸਿਰਦਰਦੀ ਬਣੀ ਹੋਈ ਸੀ। ਜ਼ਿਕਰਯੋਗ ਹੈ ਕਿ ਇਸ ਸਬੰਧੀ ਨਜ਼ਦੀਕੀ ਮੁਹੱਲਿਆਂ ਦੇ ਵਸਨੀਕਾਂ ਵੱਲੋਂ ਕਈ ਵਾਰ ਪੁਲਿਸ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਗਈਆਂ ਸਨ। ਇਨ੍ਹਾਂ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਪੀਸੀਆਰ ਵਿੰਗ ਦੇ ਸਹਾਇਕ ਇੰਚਾਰਜ ਸੰਜੀਵ ਕੁਮਾਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਉਕਤ ਸਥਾਨ ’ਤੇ ਛਾਪੇਮਾਰੀ ਕੀਤੀ। ਕਈ ਲੋਕ ਸੜਕ ’ਤੇ ਖੜ੍ਹ ਕੇ ਸ਼ਰਾਬ ਪੀ ਰਹੇ ਸਨ। ਪੁਲਿਸ ਨੂੰ ਦੇਖ ਕੇ ਕੁਝ ਲੋਕਾਂ ਨੇ ਮੌਕੇ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਕੇ ਸਖ਼ਤ ਚਿਤਾਵਨੀ ਦਿੱਤੀ ਕਿ ਜੇਕਰ ਸ਼ਰਾਬ ਪੀਣੀ ਹੈ ਤਾਂ ਅਹਾਤੇ ਦੇ ਅੰਦਰ ਬੈਠ ਕੇ ਪੀਤੀ ਜਾਵੇ ਜਾਂ ਆਪਣੇ ਘਰ ਵਿਚ ਜਾ ਕੇ ਪੀਤੀ ਜਾਵੇ। ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਕਿ ਸੜਕ ਜਾਂ ਜਨਤਕ ਥਾਵਾਂ ’ਤੇ ਖੜ੍ਹ ਕੇ ਸ਼ਰਾਬ ਪੀਣ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੈ ਅਤੇ ਇਸ ਦੇ ਬਾਵਜੂਕ ਦੁਬਾਰਾ ਉਲੰਘਣਾ ਕਰਨ ’ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।