ਹਸਪਤਾਲ ਵਿਖੇ ਬਣ ਰਹੀ ਇਮਾਰਤ ’ਚ ਗੈਰ-ਮਿਆਰੀ ਸਾਮਾਨ ਵਰਤਣ ਦੇ ਦੋਸ਼
ਸਰਕਾਰੀ ਹਸਪਤਾਲ ਸੰਗਤ ਵਿਖੇ ਬਣ ਰਹੀ ਇਮਾਰਤ ’ਚ ਗੈਰ-ਮਿਆਰੀ ਸਮੱਗਰੀ ਵਰਤਣ ਦੇ ਦੋਸ਼
Publish Date: Fri, 30 Jan 2026 05:09 PM (IST)
Updated Date: Sat, 31 Jan 2026 04:07 AM (IST)
2) ਨਵੀਂ ਇਮਾਰਤ ਲਈ ਵਰਤੇ ਜਾ ਰਹੇ ਜੰਗਾਲ ਲੱਗੇ ਸਰੀਏ ਦੀ ਤਸਵੀਰ।
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਸਰਕਾਰੀ ਹਸਪਤਾਲ ਸੰਗਤ ਵਿਖੇ ਬਣ ਰਹੀ ਮੈਡੀਕਲ ਲੈਬੋਰੇਟਰੀ ਦੀ ਇਮਾਰਤ ਦੇ ਵਿਚ ਗੈਰ-ਮਿਆਰੀ ਸਮੱਗਰੀ ਵਰਤਣ ਦੇ ਦੋਸ਼ ਸਥਾਨਕ ਲੋਕਾਂ ਵੱਲੋਂ ਲਗਾਏ ਜਾ ਰਹੇ ਹਨ। ਸੰਗਤ ਮੰਡੀ ਵਾਸੀ ‘ਆਪ’ ਆਗੂ ਪਵਨ ਕੁਮਾਰ, ਰਣਜੀਤ ਸਿੰਘ ਕੌਂਸਲਰ, ਸਮਾਜਸੇਵੀ ਬਲਵੀਰ ਸਿੰਘ ਬੀਰਾ, ਗੁਰਦੀਪ ਸਿੰਘ ਅਤੇ ਸਾਬਕਾ ਸਰਪੰਚ ਰੇਸ਼ਮ ਸਿੰਘ ਨੇ ਦੱਸਿਆ ਕਿ ਇਮਾਰਤ ਦੇ ਠੇਕੇਦਾਰ ਵੱਲੋਂ ਸੰਗਤ ਮੰਡੀ ਦੇ ਸਰਕਾਰੀ ਹਸਪਤਾਲ ’ਚ ਮੈਡੀਕਲ ਲੈਬ. ਦੀ ਇਮਾਰਤ ਬਨਾਉਣ ਦੌਰਾਨ ਗੈਰਮਿਆਰੀ ਅਤੇ ਜੰਗਾਲ ਲੱਗਿਆ ਸਰੀਆ ਵਰਤਿਆ ਜਾ ਰਿਹਾ ਹੈ ਜਦੋਂ ਕਿ ਡੇਢ-ਦੋ ਨੰਬਰੀ ਇੱਟਾਂ ਅਤੇ ਸਥਾਨਕ ਮਿੰਨੀ ਪਲਾਂਟ ਦੇ ਸੀਮੇਂਟ ਤੇ ਗ਼ੈਰ-ਮਿਆਰੀ ਬਰੇਤੀ ਬੱਜਰੀ ਦੀ ਵਰਤੋਂ ਸ਼ਰੇਆਮ ਕੀਤੀ ਜਾ ਰਹੀ ਹੈ। ਜਿਸ ਸਥਾਨ ’ਤੇ ਇਹ ਇਮਾਰਤ ਬਣਾਈ ਜਾ ਰਹੀ ਹੈ, ਉਸੇ ਸਥਾਨ ਤੇ ਕਰੀਬ 20 ਸਾਲ ਪਹਿਲਾਂ ਐਸਐਮਓ ਦੀ ਰਿਹਾਇਸ਼ੀ ਕੋਠੀ ਦਾ ਨਿਰਮਾਣ ਕੀਤਾ ਗਿਆ ਸੀ ਪ੍ਰੰਤੂ ਕੋਠੀ ਦੇ ਨਿਰਮਾਣ ’ਤੇ ਲੱਖਾਂ ਰੁਪਏ ਖ਼ਰਚ ਕੇ ਵੀ ਉਸ ਕੋਠੀ ਅੰਦਰ ਕਿਸੇ ਐੱਸਐੱਮਓ ਨੇ ਇਕ ਦਿਨ ਵੀ ਰਿਹਾਇਸ਼ ਨਹੀਂ ਕੀਤੀ ਅਤੇ ਉਹ ਲੰਬੇ ਸਮੇਂ ਤਕ ਖਾਲੀ ਪਈ ਅਖ਼ੀਰ ਖੰਡਰ ਬਣੀ ਇਮਾਰਤ ਢਾਹ ਦਿੱਤੀ ਗਈ ਅਤੇ ਉਸ ਵਿਚ ਲੱਗਿਆ ਲੱਖਾਂ ਦਾ ਫਰਨੀਚਰ, ਬਿਜਲੀ ਉਪਕਰਣ ਅਤੇ ਸੈਨੇਟਰੀ ਦਾ ਸਮਾਨ ਵੀ ਖੁਰਦ-ਬੁਰਦ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੱਟੜ ਇਮਾਨਦਾਰ ਕਹਾਉਂਦੀ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਰੇਆਮ ਹੋ ਰਹੇ ਘਾਲੇ-ਮਾਲੇ ਦੀ ਨਿਰਪੱਖ ਜਾਂਚ ਕਰਵਾ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਬਾਰੇ ਪਮਿਲ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਸੰਗਤ ਨੇ ਦੱਸਿਆ ਕਿ ਬਣ ਰਹੀ ਮੈਡੀਕਲ ਲੈਬੋਰੇਟਰੀ ਦਾ ਠੇਕਾ ਪੰਜਾਬ ਸਰਕਾਰ ਨੇ ਦਿੱਤਾ ਹੈ ਅਤੇ ਉਨ੍ਹਾਂ ਵੱਲੋਂ ਕੋਈ ਵੀ ਪੈਸਾ ਜਾਰੀ ਨਹੀਂ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਇਮਾਰਤੀ ਸਮਾਨ ਦੇ ਮਿਆਰ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਤੇ ਉਨ੍ਹਾਂ ਵੱਲੋਂ ਸਬੰਧਤ ਅਫ਼ਸਰਾਂ ਨੂੰ ਇਮਾਰਤੀ ਸਮੱਗਰੀ ਦੀ ਜਾਂਚ ਬਾਰੇ ਜ਼ਰੂਰ ਸੂਚਿਤ ਕੀਤਾ ਜਾਵੇਗਾ। ਇਮਾਰਤ ਦੇ ਠੇਕੇਦਾਰ ਮੱਖਣ ਲਾਲ ਨੇ ਦੱਸਿਆ ਕਿ ਕਿਸੇ ਹੋਰ ਸਾਈਟ ਤੋਂ ਬਚਿਆ ਕੁੱਝ ਸਰੀਆ ਇਥੇ ਵਰਤਿਆ ਜਾ ਰਿਹਾ ਹੈ ਤੇ ਇੱਟਾਂ ਅਜੇ ਤਕ ਸਿਰਫ਼ ਕੰਕਰੀਟ ਦੇ ਠੱਲ੍ਹ ਲਈ ਮੰਗਵਾਈਆਂ ਸਨ ਪ੍ਰੰਤੂ ਹੁਣ ਇਮਾਰਤ ਲਈ ਅੱਗੋਂ ਵਧੀਆ ਇੱਟਾਂ ਹੀ ਵਰਤੀਆਂ ਜਾਣਗੀਆਂ।