ਟੈਂਡਰ ਅਲਾਟਮੈਂਟ 'ਚ ਹੋਈ ਘਪਲੇਬਾਜ਼ੀ ਦੀ ਹੋਵੇ ਉੱਚ ਪੱਧਰੀ ਜਾਂਚ : ਜ਼ਿਲ੍ਹਾ ਪ੍ਰਧਾਨ
ਨਗਰ ਨਿਗਮ ਵਿਚ ਟੈਂਡਰ ਅਲਾਟਮੈਂਟ 'ਚ ਘਪਲੇਬਾਜ਼ੀ ਦਾ ਮਾਮਲਾ
Publish Date: Fri, 30 Jan 2026 05:01 PM (IST)
Updated Date: Sat, 31 Jan 2026 04:07 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਨਿਗਮ ’ਚ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਟੈਂਡਰ ਅਲਾਟਮੈਂਟ ਨੂੰ ਲੈ ਕੇ ਘਪਲੇਬਾਜ਼ੀ ਦੇ ਕਥਿਤ ਦਾਅਵੇ ਸਾਹਮਣੇ ਆਏ ਹਨ। ਠੇਕੇਦਾਰਾਂ ਵੱਲੋਂ ਲਗਾਏ ਗਏ ਦਾਅਵਿਆਂ ਦੇ ਬਾਅਦ ਕਾਂਗਰਸ ਨੇ ਇਸ ਮਾਮਲੇ ਤੇ ਖੁੱਲ੍ਹ ਕੇ ਰੁਖ ਧਾਰਿਆ ਹੈ ਤੇ ਉੱਚ ਪੱਧਰ ’ਤੇ ਜਾਂਚ ਦੀ ਮੰਗ ਕੀਤੀ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ ਨੇ ਕਿਹਾ ਕਿ ਇਹ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਦਾ ਇਕੱਲਾ ਮਾਮਲਾ ਨਹੀਂ, ਹੋਰ ਕਾਰਜਾਂ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਜੇ ਸਰਕਾਰ ਅਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ ਤਾਂ ਕਾਂਗਰਸ ਜਨ ਅੰਦੋਲਨ ਕਰੇਗੀ। ਠੇਕੇਦਾਰਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿਚ ਦਾਅਵਾ ਕੀਤਾ ਹੈ ਕਿ ਉਹ ਪਿਛਲੇ ਲਗਭਗ 40 ਸਾਲਾਂ ਤੋਂ ਨਗਰ ਨਿਗਮ ਬਠਿੰਡਾ ਦੇ ਅਧੀਨ ਠੇਕੇਦਾਰੀ ਕਰਦੇ ਆ ਰਹੇ ਹਨ। ਇੰਟਰਲਾਕਿੰਗ ਟਾਈਲਾਂ ਦੇ ਕੰਮ ਵਿਚ ਪਹਿਲਾਂ ਉਨ੍ਹਾਂ ਦੇ ਰੇਟ 20 ਤੋਂ 25 ਫੀਸਦੀ ਘੱਟ ਹੁੰਦੇ ਸਨ, ਪਰ 16 ਜਨਵਰੀ ਨੂੰ ਟੈਂਡਰਾਂ ਵਿਚ ਘੱਟ ਰੇਟ ਹੋਣ ਦੇ ਬਾਵਜੂਦ, ਆਪਣੇ ਚਹੇਤੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਲਈ ਪੂਰੇ ਕੰਮ ਵਿਚ ਪ੍ਰੀਮਿਕਸ ਸ਼ਾਮਲ ਕੀਤਾ ਗਿਆ। ਕਾਂਗਰਸ ਦਾ ਦਾਅਵਾ ਹੈ ਕਿ ਇਸ ਫੈਸਲੇ ਨਾਲ ਨਗਰ ਨਿਗਮ ਨੂੰ ਲਗਭਗ 1.5 ਤੋਂ 2 ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋ ਸਕਦਾ ਹੈ। ਰਾਜਨ ਗਰਗ ਨੇ ਸ਼ਹਿਰ ਦੇ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਤੇ ਆਪਣੀ ਆਵਾਜ਼ ਉਠਾਉਣ, ਨਹੀਂ ਤਾਂ ਆਉਣ ਵਾਲੇ ਨਿਗਮ ਚੋਣਾਂ ਵਿਚ ਉਨ੍ਹਾਂ ਨੂੰ ਜਵਾਬ ਦੇਣਾ ਪਵੇਗਾ।ਇਸ ਮੌਕੇ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸਾਬਕਾ ਸੀਨੀਅਰ ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਸੀਨੀਅਰ ਆਗੂ ਟਹਿਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ, ਮਹਿਲਾ ਆਗੂ ਸਿਮਰਜੀਤ ਕੌਰ ਧਾਲੀਵਾਲ ਅਤੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ। ਰਾਜਨ ਗਰਗ ਨੇ ਨਿਗਮ ਦੀ ਫਾਇਨੈਂਸ ਅਤੇ ਠੇਕਾ ਕਮੇਟੀ ਤੇ ਵੀ ਸਵਾਲ ਚੁੱਕਿਦਆਂ ਕਿਹਾ ਕਿ ਕਮੇਟੀ ਦੇ ਮੈਂਬਰਾਂ ਨੂੰ ਇਸ ਮਾਮਲੇ ਤੇ ਜਨਤਕ ਤੌਰ ਤੇ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਨੇ ਸਪੱਸ਼ਟ ਕੀਤਾ ਕਿ ਅਮ੍ਰਿਤਸਰ ਟਰਸੱਟ ’ਚ ਹੋਏ ਘਪਲੇ ਦੇ ਮਾਮਲੇ ਦੀ ਤਰ੍ਹਾਂ, ਇਸ ਮਾਮਲੇ ਚ ਵੀ ਉਹ ਸੱਚਾਈ ਸਾਹਮਣੇ ਲਿਆਏਗੀ।