- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਦੇ ਟੈਂਡਰਾਂ ’ਚ ਮਿਲੀਭੁਗਤ ਦੇ ਦੋਸ਼,

-ਆਮ ਲੋਕਾਂ ਦੇ ਪੈਸਿਆਂ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕਰੇ ਸ਼੍ਰੋਮਣੀ ਅਕਾਲੀ ਦਲ : ਬਬਲੀ ਢਿੱਲੋ
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਨਗਰ ਨਿਗਮ ਬਠਿੰਡਾ ਵੱਲੋਂ 16 ਜਨਵਰੀ 2026 ਨੂੰ ਲਗਾਏ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਟੈਂਡਰਾਂ ਵਿਚ ਗੰਭੀਰ ਬੇਨਿਯਮੀਆਂ ਅਤੇ ਮਿਲੀਭਗਤ ਦੇ ਦੋਸ਼ ਲਗਾਉਂਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਪਬਲਿਕ ਢਿੱਲੋ ਨੇ ਕਿਹਾ ਕਿ ਸ਼ਹਿਰ ਦੇ ਅਪਗ੍ਰੇਡੇਸ਼ਨ, ਸੜਕਾਂ ਅਤੇ ਗਲੀਆਂ ਦੇ ਕੰਮਾਂ ਨਾਲ ਸੰਬੰਧਿਤ ਟੈਂਡਰ ਜਾਰੀ ਕੀਤੇ ਗਏ ਸਨ। ਇਨ੍ਹਾਂ ਟੈਂਡਰਾਂ ਵਿੱਚ ਕਰੀਬ 8 ਤੋਂ 10 ਕਰੋੜ ਰੁਪਏ ਦਾ ਇੰਟਰਲਾਕ ਟਾਈਲ ਕੰਮ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 40 ਸਾਲਾਂ ਤੋਂ ਨਗਰ ਨਿਗਮ ਵਿੱਚ ਕੰਮ ਕਰ ਰਹੇ ਸਥਾਨਕ ਠੇਕੇਦਾਰ ਆਮ ਤੌਰ ’ਤੇ ਇੰਟਰਲਾਕ ਟਾਈਲ ਦਾ ਕੰਮ 20 ਤੋਂ 25 ਫੀਸਦੀ ਘੱਟ ਦਰਾਂ ’ਤੇ ਕਰਦੇ ਆ ਰਹੇ ਹਨ। ਪਿਛਲੇ ਟੈਂਡਰਾਂ ਵਿਚ ਵੀ ਠੇਕੇਦਾਰਾਂ ਵੱਲੋਂ 12 ਤੋਂ 15 ਫੀਸਦੀ ਘੱਟ ਰੇਟ ਭਰੇ ਗਏ ਸਨ, ਪਰ ਉਸ ਸਮੇਂ ਅਧਿਕਾਰੀਆਂ ਵੱਲੋਂ ਜੁਬਾਨੀ ਤੇ ਲਿਖਤੀ ਹੁਕਮ ਦੇ ਕੇ ਰੇਟ ਜ਼ਬਰਦਸਤੀ 20 ਤੋਂ 25 ਫੀਸਦੀ ਤੱਕ ਘਟਵਾਏ ਗਏ। ਦੋਸ਼ ਹੈ ਕਿ ਰੇਟ ਘਟਾਉਣ ਤੋਂ ਇਨਕਾਰ ਕਰਨ ’ਤੇ ਟੈਂਡਰ ਰੱਦ ਕਰਨ ਦੀ ਧਮਕੀ ਵੀ ਦਿੱਤੀ ਜਾਂਦੀ ਰਹੀ।
ਉਨ੍ਹਾਂ ਕਿਹਾ ਕਿ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਦੇ ਮਨੋਰਥ ਨਾਲ ਜਾਨਬੁੱਝ ਕੇ ਪ੍ਰੀਮਿਕਸ ਤੇ ਇੰਟਰਲਾਕ ਟਾਈਲ ਦੇ ਕੰਮ ਨੂੰ ਇਕੱਠਾ ਕਰਕੇ ਵੱਡੇ ਟੈਂਡਰ ਬਣਾਏ ਗਏ, ਤਾਂ ਜੋ ਛੋਟੇ ਠੇਕੇਦਾਰ ਇਨ੍ਹਾਂ ਵਿੱਚ ਹਿੱਸਾ ਨਾ ਲੈ ਸਕਣ ਤੇ ਕੰਮ ਆਪਣੇ ਚਹੇਤੇ ਠੇਕੇਦਾਰਾਂ ਨੂੰ ਦਿੱਤਾ ਜਾ ਸਕੇ। ਉਹਨਾਂ ਕਿਹਾ ਕਿ ਇਨ੍ਹਾਂ ਟੈਂਡਰਾਂ ਵਿੱਚ ਏਜੰਸੀ ਠੇਕੇਦਾਰਾਂ ਵੱਲੋਂ ਸਿਰਫ਼ ਇਕੱਲੇ ਟੈਂਡਰ ਹੀ ਭਰੇ ਗਏ ਤੇ ਪੂਰੇ ਭਾਅ ’ਤੇ ਕੰਮ ਅਲਾਟ ਕਰ ਦਿੱਤਾ ਗਿਆ। ਅਕਾਲੀ ਆਗੂ ਨੇ ਕਿਹਾ ਕਿ ਇਸ ਨਾਲ ਨਗਰ ਨਿਗਮ ਅਤੇ ਸਰਕਾਰ ਨੂੰ ਕਰੀਬ ਡੇਢ ਤੋਂ ਦੋ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਟੈਂਡਰ ਘੱਟੋ-ਘੱਟ 20 ਫੀਸਦੀ ਘੱਟ ਰੇਟਾਂ ’ਤੇ ਮੁੜ ਲਗਾਏ ਜਾਣ। ਬਬਲੀ ਢਿੱਲੋਂ ਨੇ ਕਿਹਾ ਕਿ ਨਗਰ ਨਿਗਮ ਬਠਿੰਡਾ ਵਿਚ ਵਿਕਾਸ ਦੇ ਨਾਂ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਵਿਚ ਸਾਫ਼-ਸੁਥਰਾਪਣ ਦੀ ਥਾਂ ਮਿਲੀਭਗਤ ਅਤੇ ਮਨਮਰਜ਼ੀ ਚੱਲ ਰਹੀ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਕਰਦੀ ਹੈ, ਪਰ ਹਕੀਕਤ ਵਿੱਚ ਨਗਰ ਨਿਗਮਾਂ ਵਿੱਚ ਭ੍ਰਿਸ਼ਟਾਚਾਰ ਚਰਮ ਸੀਮਾ ’ਤੇ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਟੈਂਡਰਾਂ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਦੋਸ਼ੀ ਅਧਿਕਾਰੀਆਂ ਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਆਮ ਲੋਕਾਂ ਦੇ ਪੈਸਿਆਂ ਦੀ ਲੁੱਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ।