ਘਰੋਂ 8 ਤੋਲੇ ਸੋਨੇ ਦੇ ਗਹਿਣੇ ਚੋਰੀ, ਕੇਸ ਦਰਜ
ਜਿਸ ਘਰ ਵਿਚ ਮਾਂ ਕਰਦੀ ਸੀ ਕੰਮ, ਉਸੇ ਘਰ ਤੋਂ ਪੁੱਤਰ ਨੇ ਚੋਰੀ ਕੀਤਾ 8 ਤੋਲੇ ਸੋਨਾ
Publish Date: Fri, 30 Jan 2026 04:49 PM (IST)
Updated Date: Sat, 31 Jan 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਇੱਥੋਂ ਦੇ ਥਾਣਾ ਕੈਨਾਲ ਕਾਲੋਨੀ ਖੇਤਰ ਵਿਚ ਚੋਰੀ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਨੇ ਉਸੇ ਘਰ ਨੂੰ ਨਿਸ਼ਾਨਾ ਬਣਾਇਆ, ਜਿੱਥੇ ਉਸਦੀ ਮਾਂ ਘਰੇਲੂ ਕੰਮਕਾਜ ਕਰਦੀ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਗਿਆ ਕਰੀਬ 8 ਤੋਲੇ ਸੋਨਾ ਬਰਾਮਦ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਅਮਰਪੁਰਾ ਬਸਤੀ ਵਾਸੀ ਅਨਮੋਲ ਸਿੰਘ ਵਜੋਂ ਹੋਈ ਹੈ। ਪੁਲਿਸ ਰਿਕਾਰਡ ਮੁਤਾਬਕ ਮੁਲਜ਼ਮ ਦੇ ਖ਼ਿਲਾਫ਼ ਪਹਿਲਾਂ ਵੀ ਮੋਟਰਸਾਈਕਲ ਚੋਰੀ ਕਰਨ ਸਬੰਧੀ ਮਾਮਲਾ ਦਰਜ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗੁਰਪ੍ਰੀਤ ਸਿੰਘ ਵਾਸੀ ਅਮਰਪੁਰਾ ਬਸਤੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੇ ਘਰ ਤੋਂ ਸੋਨੇ ਦੇ ਗਹਿਣੇ ਚੋਰੀ ਹੋ ਗਏ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਤੁਰੰਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਕੈਨਾਲ ਕਾਲੋਨੀ ਦੇ ਐੱਸਐੱਚਓ ਹਰਜੋਤ ਸਿੰਘ ਨੇ ਦੱਸਿਆ ਕਿ ਜਾਂਚ ਦੌਰਾਨ ਸ਼ੱਕ ਦੇ ਆਧਾਰ ’ਤੇ ਅਨਮੋਲ ਸਿੰਘ ਨੂੰ ਕਾਬੂ ਕੀਤਾ। ਮੁਲਜ਼ਮ ਨੇ ਚੋਰੀ ਦੀ ਵਾਰਦਾਤ ਕਬੂਲ ਕਰ ਲਈ। ਮੁਲਜ਼ਮ ਨੇ ਦੱਸਿਆ ਕਿ ਉਸਦੀ ਮਾਂ ਸਬੰਧਤ ਘਰ ਵਿਚ ਘਰੇਲੂ ਕੰਮ ਕਰਦੀ ਸੀ, ਜਿਸ ਕਾਰਨ ਉਸਦਾ ਉੱਥੇ ਆਉਣਾ-ਜਾਣਾ ਰਹਿੰਦਾ ਸੀ। ਇਸ ਦੌਰਾਨ ਉਸਨੇ ਘਰ ਦੀ ਸਥਿਤੀ ਤੇ ਕੀਮਤੀ ਸਾਮਾਨ ਬਾਰੇ ਜਾਣਕਾਰੀ ਹਾਸਲ ਕਰ ਲਈ ਤੇ ਮੌਕਾ ਮਿਲਦੇ ਹੀ ਸੋਨੇ ਦੇ ਗਹਿਣੇ ਚੋਰੀ ਕਰ ਲਏ। ਐਸਐਚਓ ਹਰਜੋਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੇ ਕਬਜ਼ੇ ਵਿੱਚੋਂ ਚੋਰੀ ਕੀਤਾ ਗਿਆ ਕਰੀਬ 8 ਤੋਲੇ ਸੋਨਾ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਪਹਿਲਾਂ ਵੀ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਰਹਿ ਚੁੱਕਾ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਚੋਰੀ ਦੀਆਂ ਵਾਰਦਾਤਾਂ ਦਾ ਆਦੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਪੁੱਛਗਿੱਛ ਦੌਰਾਨ ਇਹ ਵੀ ਪਤਾ ਲਾਇਆ ਜਾਵੇਗਾ ਕਿ ਉਸ ਨੇ ਪਹਿਲਾਂ ਵੀ ਅਜਿਹੀਆਂ ਹੋਰ ਚੋਰੀਆਂ ਕੀਤੀਆਂ ਹਨ ਜਾਂ ਇਸ ਵਾਰਦਾਤ ਵਿਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ। ਪੁਲਿਸ ਅਧਿਕਾਰੀਆਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਰੇਲੂ ਕੰਮ ਕਰਨ ਵਾਲਿਆਂ ਤੇ ਉਨ੍ਹਾਂ ਦੇ ਜਾਣਕਾਰ ਦੀਆਂ ਸਰਗਰਮੀਆਂ ’ਤੇ ਸਾਵਧਾਨੀ ਨਾਲ ਨਜ਼ਰ ਰੱਖਣ ਤੇ ਕਿਸੇ ਵੀ ਸ਼ੱਕੀ ਸਰਗਰਮੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ।