ਉੜੀਆ ਬਸਤੀ ’ਚ ਕੁਸ਼ਟ ਰੋਗਾਂ ਤੋਂ ਬਚਾਅ ਬਾਰੇ ਦੱਸਿਆ
ਉੜੀਆ ਬਸਤੀ ਵਿਖੇ ਕੁਸ਼ਟ ਰੋਗ ਸਬੰਧੀ ਲੋਕਾਂ ਨੂੰ ਕੀਤਾ ਜਾਗਰੂਕ
Publish Date: Fri, 30 Jan 2026 04:34 PM (IST)
Updated Date: Sat, 31 Jan 2026 04:05 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸਿਹਤ ਵਿਭਾਗ ਵੱਲੋਂ ਉੜੀਆ ਬਸਤੀ ਵਿਖੇ ਕੁਸ਼ਟ ਰੋਗ (ਲੈਪਰੋਸੀ) ਸਬੰਧੀ ਜਾਗਰੂਕ ਕੀਤਾ ਗਿਆ । ਇਸ ਦੌਰਾਨ ਸਿਹਤ ਕਰਮਚਾਰੀਆਂ ਨੇ ਬਸਤੀ ਦੇ ਲੋਕਾਂ ਨੂੰ ਕੁਸ਼ਟ ਰੋਗ ਦੇ ਲੱਛਣਾਂ, ਬਚਾਅ ਅਤੇ ਮੁਫ਼ਤ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁਸ਼ਟ ਰੋਗ ਪੂਰੀ ਤਰ੍ਹਾਂ ਠੀਕ ਹੋ ਸਕਣ ਵਾਲੀ ਬਿਮਾਰੀ ਹੈ ਅਤੇ ਇਸ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਚਮੜੀ ਉੱਤੇ ਸੁੰਨ ਪੈਚ, ਸੁੰਨਪਣ ਜਾਂ ਨਾ ਭਰਨ ਵਾਲੇ ਜਖ਼ਮ ਕੁਸ਼ਟ ਰੋਗ ਦੇ ਮੁੱਖ ਲੱਛਣ ਹੋ ਸਕਦੇ ਹਨ, ਜਿਸ ਦੀ ਸੂਰਤ ਵਿਚ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਇਸ ਮੌਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਲੋਕਾਂ ਨੂੰ ਕੁਸ਼ਟ ਰੋਗ ਦੀ ਪਛਾਣ ਤੇ ਇਲਾਜ ਸਬੰਧੀ ਪੈਫ਼ਲਟ ਵੀ ਵੰਡੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਕ੍ਰੀਨਿੰਗ ਕਰਵਾਉਣ ਦੀ ਅਪੀਲ ਕੀਤੀ।