ਐੱਮਆਰਐੱਸਪੀਟੀਯੂ ਵਿਖੇ ਵੋਟਰ ਦਿਵਸ ਮਨਾਇਆ
ਐਮਆਰਐਸਪੀਟੀਯੂ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ
Publish Date: Fri, 30 Jan 2026 04:31 PM (IST)
Updated Date: Sat, 31 Jan 2026 04:05 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਮੇਰਾ ਭਾਰਤ ਕੇਂਦਰ, ਬਠਿੰਡਾ (ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ) ਦੇ ਸਹਿਯੋਗ ਨਾਲ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਦੀ ਉਤਸ਼ਾਹੀ ਭਾਗੀਦਾਰੀ ਨਾਲ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਹ ਪ੍ਰੋਗਰਾਮ ਡਾ. ਅਭਿਲਾਸ਼ਾ, ਕੋਆਰਡੀਨੇਟਰ, ਐਨਐਸਐਸ., ਐਮਆਰਐਸਪੀਟੀਯੂ ਤੇ ਡਾ. ਸਵਾਤੀ ਵੱਲੋਂ ਨੌਜਵਾਨਾਂ, ਖਾਸ ਕਰਕੇ ਪਹਿਲੀ ਵਾਰ ਬਣੇ ਵੋਟਰਾਂ ’ਚ ਚੋਣ ਜਾਗਰੂਕਤਾ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਜ਼ਿੰਮੇਵਾਰ ਨਾਗਰਿਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਰਵਾਇਆ ਗਿਆ ਸੀ। ਮੇਰਾ ਭਾਰਤ ਕੇਂਦਰ, ਬਠਿੰਡਾ ਦੇ ਜ਼ਿਲ੍ਹਾ ਅਧਿਕਾਰੀ, ਸਰਬਜੀਤ ਸਿੰਘ ਦੁਆਰਾ ਇਕ ਮਾਹਰ ਭਾਸ਼ਣ ਦਿੱਤਾ ਗਿਆ, ਜਿਸਨੇ ਇੱਕ ਲੋਕਤੰਤਰੀ ਰਾਸ਼ਟਰ ਵਿੱਚ ਵੋਟ ਪਾਉਣ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਨੌਜਵਾਨ ਨਾਗਰਿਕਾਂ ਨੂੰ ਚੋਣ ਪ੍ਰਕਿਰਿਆ ’ਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ ਤੇ ਸੂਚਿਤ ਫੈਸਲੇ ਲੈਣ, ਨੈਤਿਕ ਵੋਟਿੰਗ ਅਭਿਆਸਾਂ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਇਸ ਉਪਰੰਤ ਵੋਟਰ ਦਿਵਸ ਦੀ ਸਹੁੰ ਚੁੱਕੀ ਗਈ, ਜਿਸ ਵਿਚ ਭਾਗੀਦਾਰਾਂ ਨੇ ਭਾਰਤ ਦੇ ਸੰਵਿਧਾਨ ’ਚ ਦਰਜ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਅਤੇ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਆਪਣੀ ਵੋਟ ਦੀ ਜ਼ਿੰਮੇਵਾਰੀ ਨਾਲ ਵਰਤੋਂ ਕਰਨ ਦਾ ਵਾਅਦਾ ਕੀਤਾ। ਨੌਜਵਾਨ ਵੋਟਰਾਂ ਨੂੰ ਪਛਾਣਨ ਅਤੇ ਉਤਸ਼ਾਹਿਤ ਕਰਨ ਲਈ, ਪਹਿਲੀ ਵਾਰ ਵੋਟ ਪਾਉਣ ਵਾਲੇ ਤ੍ਰਿਪਿੰਦਰ ਸਿੰਘ ਤੇ ਮਹੀਪਾਲ ਸਿੰਘ (ਖੇਤੀਬਾੜੀ ਵਿਭਾਗ), ਸਿਧਾਂਤ (ਸੀਐੱਸਈ, ਏਆਈ ਤੇ ਐੱਮਐੱਲ) ਤੇ ਅਰਜੁਨ (ਸੀਐਸਈ) ਸਮੇਤ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ। ਪ੍ਰੋਗਰਾਮ ਯੂਨੀਵਰਸਿਟੀ ਕੈਂਪਸ ਦੇ ਅੰਦਰ ਤੇ ਆਲੇ-ਦੁਆਲੇ ਵੋਟਰ ਜਾਗਰੂਕਤਾ ਰੈਲੀ ਨਾਲ ਸਮਾਪਤ ਹੋਇਆ।