ਸ਼ੱਕੀ ਹਾਲਾਤ ’ਚ ਪਿਤਾ ਤੇ ਪੁੱਤਰ ਦੀਆਂ ਲਾਸ਼ਾਂ ਬਰਾਮਦ
ਭੇਦਭਰੇ ਹਾਲਾਤਾਂ ’ਚ ਪਿਤਾ ਅਤੇ ਪੁੱਤਰ ਦੀਆਂ ਲਾਸ਼ਾਂ ਬਰਾਮਦ
Publish Date: Fri, 30 Jan 2026 04:29 PM (IST)
Updated Date: Sat, 31 Jan 2026 04:05 AM (IST)

ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ : ਵੀਰਵਾਰ ਦੁਪਹਿਰੇ ਸਥਾਨਕ ਪੁਰਾਣੀ ਰਾਧਾ ਸੁਆਮੀ ਕਾਲੋਨੀ ਵਿਚ ਸਥਿਤ ਇਕ ਘਰ ਵਿੱਚੋਂ ਬੁਜ਼ੁਰਗ ਪਿਤਾ ਅਤੇ ਉਸਦੇ ਅਧੇੜ ਉਮਰ ਪੁੱਤਰ ਦੀਆਂ ਲਾਸ਼ਾਂ ਮਿਲਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕਾਂ ਦੀ ਪਛਾਣ ਰਮੇਸ਼ ਚੰਦ ਗੋਇਲ (75) ਤੇ ਉਸਦੇ ਪੁੱਤਰ ਸੰਜੇ ਗੋਇਲ (48) ਵਜੋਂ ਹੋਈ ਹੈ। ਘਰ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਮੂਲ ਰੂਪ ਵਿੱਚ ਗਾਜ਼ਿਆਬਾਦ ਦੇ ਰਹਿਣ ਵਾਲੇ ਰਮੇਸ਼ ਚੰਦ ਗੋਇਲ ਦੀ ਪਤਨੀ ਦੀ ਮੌਤ ਤੋਂ ਬਾਅਦ ਉਹ ਅਤੇ ਉਸਦਾ ਪੁੱਤਰ ਸੰਜੇ ਗੋਇਲ ਲਗਭਗ 22 ਸਾਲ ਪਹਿਲਾਂ ਰਾਮਪੁਰਾ ਫੂਲ ਆ ਕੇ ਰਹਿਣ ਲੱਗ ਪਏ ਸਨ। ਰਮੇਸ਼ ਚੰਦ ਦਾ ਇਕ ਪੁੱਤਰ ਗਾਜ਼ਿਆਬਾਦ ਵਿੱਚ ਰਹਿੰਦਾ ਹੈ, ਜਦਕਿ ਉਸ ਦੀਆਂ ਦੋਵੇਂ ਧੀਆਂ ਵਿਆਹੀਆਂ ਹੋਣ ਕਾਰਨ ਇੱਕ ਫਰੀਦਕੋਟ ਤੇ ਦੂਜੀ ਬਠਿੰਡਾ ਵਿੱਚ ਆਪਣੇ ਪਰਿਵਾਰਾਂ ਸਮੇਤ ਰਹਿ ਰਹੀਆਂ ਹਨ। ਲੋਕਾਂ ਅਨੁਸਾਰ ਦੋਵੇਂ ਪਿਤਾ-ਪੁੱਤਰ ਆਪਣੇ ਇਸੀ ਘਰ ਵਿੱਚ ਗੁਮਸੁਮ ਜੀਵਨ ਬਿਤਾਉਂਦੇ ਸਨ ਤੇ ਆਸ-ਪਾਸ ਦੇ ਲੋਕਾਂ ਨਾਲ ਘੱਟ ਹੀ ਗੱਲਬਾਤ ਕਰਦੇ ਸਨ। ਮ੍ਰਿਤਕ ਸੰਜੇ ਗੋਇਲ ਆਮ ਤੌਰ ’ਤੇ ਦੁੱਧ ਲੈਣ ਜਾਂ ਕਿਸੇ ਜ਼ਰੂਰੀ ਕੰਮ ਲਈ ਹੀ ਘਰ ਤੋਂ ਬਾਹਰ ਨਿਕਲਦਾ ਸੀ। ਘਰ ਦਾ ਮੁੱਖ ਦਰਵਾਜ਼ਾ ਅਕਸਰ ਬੰਦ ਰਹਿੰਦਾ ਸੀ। ਕੁਝ ਦਿਨਾਂ ਤੋਂ ਗਾਜ਼ਿਆਬਾਦ |ਚ ਰਹਿੰਦੇ ਪੁੱਤਰ ਬਿਮਲ ਗੋਇਲ ਵੱਲੋਂ ਫੋਨ ਕਰਨ ’ਤੇ ਕੋਈ ਜਵਾਬ ਨਾ ਮਿਲਣ ਕਾਰਨ ਉਸਨੇ ਆਪਣੀ ਬਠਿੰਡਾ ਰਹਿੰਦੀ ਭੈਣ ਸਵਿਤਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਵੀਰਵਾਰ ਦੁਪਹਿਰ ਰਾਮਪੁਰਾ ਫੂਲ ਪਹੁੰਚੀ ਸਵਿਤਾ ਨੇ ਕਈ ਵਾਰ ਮੁੱਖ ਗੇਟ ਖੜਕਾਇਆ, ਪਰ ਜਦੋਂ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਲੋਕਾਂ ਦੀ ਮਦਦ ਨਾਲ ਦੂਜੇ ਦਰਵਾਜ਼ੇ ਰਾਹੀਂ ਘਰ ਅੰਦਰ ਦਾਖ਼ਲ ਹੋ ਕੇ ਵੇਖਿਆ ਗਿਆ ਤਾਂ ਅੰਦਰ ਪਿਤਾ-ਪੁੱਤਰ ਦੀਆਂ ਲਾਸ਼ਾਂ ਪਈਆਂ ਸਨ। ਇਸ ਉੁਪਰੰਤ ਸਵਿਤਾ ਅਤੇ ਹੋਰ ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੀ ਥਾਣਾ ਸਿਟੀ ਰਾਮਪੁਰਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।