- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਬਜਟ ਤੋਂ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ

- ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਬਜਟ ਲੋਕਾਂ ਦੀ ਆਸ ’ਤੇ ਖਰ੍ਹਾ ਉਤਰੇ
ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ
ਕੇਂਦਰ ਸਰਕਾਰ ਵੱਲੋਂ ਜਲਦ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਨੂੰ ਲੈ ਕੇ ਦੇਸ਼ ਭਰ ਸਮੇਤ ਪੰਜਾਬ ਦੇ ਲੋਕਾਂ ਵਿੱਚ ਖਾਸੀ ਉਤਸੁਕਤਾ ਪਾਈ ਜਾ ਰਹੀ ਹੈ। ਮਹਿੰਗਾਈ, ਬੇਰੁਜ਼ਗਾਰੀ ਅਤੇ ਰੋਜ਼ਾਨਾਂ ਵਰਤੋਂ ਦੀਆਂ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਆਮ ਆਦਮੀ ਪਹਿਲਾਂ ਹੀ ਆਰਥਿਕ ਦਬਾਅ ਹੇਠ ਹੈ। ਅਜਿਹੇ ਵਿੱਚ ਲੋਕਾਂ ਨੂੰ ਆਸ ਹੈ ਕਿ ਇਸ ਵਾਰ ਬਜਟ ਵਿੱਚ ਆਮ ਜਨਤਾ ਨੂੰ ਰਾਹਤ ਦੇਣ ਵਾਲੇ ਐਲਾਨ ਕੀਤੇ ਜਾਣਗੇ ਅਤੇ ਕੋਈ ਨਵਾਂ ਟੈਕਸ ਲਗਾ ਕੇ ਲੋਕਾਂ ‘ਤੇ ਹੋਰ ਭਾਰ ਨਹੀਂ ਪਾਇਆ ਜਾਵੇਗਾ। ਵੱਖ-ਵੱਖ ਵਰਗਾਂ ਨਾਲ ਸਬੰਧਤ ਲੋਕਾਂ ਨੇ ਬਜਟ ਤੋਂ ਆਪਣੀਆਂ ਉਮੀਦਾਂ ਅਤੇ ਸੁਝਾਅ ਸਾਂਝੇ ਕੀਤੇ ਹਨ।
ਬਾਕਸ
ਦਸ਼ਮੇਸ਼ ਸਕੂਲ ਦੇ ਪ੍ਰਿੰਸੀਪਲ ਤਸ਼ਵਿੰਦਰ ਸਿੰਘ ਮਾਨ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਕੇਂਦਰੀ ਬਜਟ ਤੋਂ ਕਾਫ਼ੀ ਉਮੀਦਾਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖਿਆ ਬਹੁਤ ਮਹਿੰਗੀ ਹੋ ਚੁੱਕੀ ਹੈ, ਜਿਸ ਕਾਰਨ ਮੱਧ ਵਰਗ ਅਤੇ ਗਰੀਬ ਪਰਿਵਾਰਾਂ ਲਈ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣਾ ਮੁਸ਼ਕਲ ਬਣਦਾ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਕੂਲਾਂ ਅਤੇ ਕਾਲਜਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਧੇਰੇ ਫੰਡ ਦਿੱਤੇ ਜਾਣ, ਡਿਜੀਟਲ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਅਧਿਆਪਕਾਂ ਦੀ ਟ੍ਰੇਨਿੰਗ ਲਈ ਖਾਸ ਯੋਜਨਾਵਾਂ ਲਿਆਂਦੀਆਂ ਜਾਣ। ਉਨ੍ਹਾਂ ਅਨੁਸਾਰ ਜੇਕਰ ਸਿੱਖਿਆ ਮਜ਼ਬੂਤ ਹੋਵੇਗੀ ਤਾਂ ਦੇਸ਼ ਦਾ ਭਵਿੱਖ ਆਪਣੇ ਆਪ ਹੀ ਸੁਨਹਿਰਾ ਬਣੇਗਾ।
ਬਾਕਸ
ਵਪਾਰੀ ਸੁਰਿੰਦਰ ਕੁਮਾਰ ਨੇ ਕਿਹਾ ਕਿ ਕੇਂਦਰੀ ਬਜ਼ਟ ਤੋਂ ਵਪਾਰੀ ਵਰਗ ਨੂੰ ਵੱਡੀਆਂ ਉਮੀਦਾਂ ਹਨ। ਉਨ੍ਹਾਂ ਨੇ ਕਿਹਾ ਕਿ ਛੋਟੇ ਅਤੇ ਦਰਮਿਆਨੇ ਵਪਾਰੀਆਂ ਨੂੰ ਅਕਸਰ ਟੈਕਸ ਪ੍ਰਣਾਲੀ ਦੀਆਂ ਜਟਿਲਤਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀ ਮੰਗ ਹੈ ਕਿ ਜੀਐਸਟੀ ਪ੍ਰਣਾਲੀ ਨੂੰ ਹੋਰ ਸਰਲ ਬਣਾਇਆ ਜਾਵੇ ਅਤੇ ਛੋਟੇ ਵਪਾਰੀਆਂ ਨੂੰ ਸਸਤੇ ਕਰਜ਼ੇ, ਟੈਕਸ ਵਿੱਚ ਛੂਟ ਅਤੇ ਹੋਰ ਆਰਥਿਕ ਸਹਾਇਤਾ ਦਿੱਤੀ ਜਾਵੇ, ਤਾਂ ਜੋ ਵਪਾਰ ਨੂੰ ਰਫ਼ਤਾਰ ਮਿਲੇ ਅਤੇ ਨਵੇਂ ਰੋਜ਼ਗਾਰ ਦੇ ਮੌਕੇ ਪੈਦਾ ਹੋਣ। ਵਪਾਰੀ ਵਰਗ ਦੀ ਸੁਰੱਖਿਆ ਵੀ ਸਰਕਾਰ ਯਕੀਨੀ ਬਣਾਵੇ।।
ਬਾਕਸ
ਸਮਾਜ ਸੇਵੀ ਡਾ.ਜਗਸੀਰ ਸਿੰਘ ਮਰਾੜ ਨੇ ਕਿਹਾ ਕਿ ਬਜਟ ਵਿੱਚ ਸਮਾਜਕ ਕਲਿਆਣ ਯੋਜਨਾਵਾਂ ਨੂੰ ਤਰਜੀਹ ਮਿਲਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਸਿਹਤ ਸੇਵਾਵਾਂ ਅਜੇ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾਵਾਂ ਵਧਾਈਆਂ ਜਾਣ, ਮੁਫ਼ਤ ਜਾਂ ਸਸਤਾ ਇਲਾਜ ਯਕੀਨੀ ਬਣਾਇਆ ਜਾਵੇ ਅਤੇ ਗਰੀਬ ਵਰਗ ਲਈ ਸਿਹਤ ਬੀਮੇ ਦੀਆਂ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਜਾਵੇ। ਸਿਹਤ ਸਹੂਲਤਾਂ ਲਈ ਕੇਂਦਰੀ ਬਜ਼ਟ ਵਿਚ ਵੱਡੇ ਐਲਾਨ ਹੋਣੇ ਚਾਹੀਦੇ ਹਨ।
ਬਾਕਸ
ਨੌਜਵਾਨ ਆਗੂ ਜੋਗਿੰਦਰ ਸਿੰਘ ਕਿਹਾ ਕਿ ਮੱਧ ਵਰਗ ਅਤੇ ਨੌਜਵਾਨ ਵਰਗ ਬਜਟ ਤੋਂ ਸਭ ਤੋਂ ਵੱਧ ਉਮੀਦਾਂ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਘਟ ਰਹੇ ਹਨ, ਜਿਸ ਕਾਰਨ ਬੇਰੁਜ਼ਗਾਰੀ ਵਧ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਸਕਿੱਲ ਡਿਵੈਲਪਮੈਂਟ, ਸਟਾਰਟਅਪਸ ਅਤੇ ਨੌਕਰੀ ਪੈਦਾ ਕਰਨ ਵਾਲੀਆਂ ਯੋਜਨਾਵਾਂ ਲਈ ਵੱਡੇ ਐਲਾਨ ਕੀਤੇ ਜਾਣ। ਇਸ ਦੇ ਨਾਲ ਹੀ ਵਿਦਿਆਰਥੀਆਂ ਲਈ ਸਕਾਲਰਸ਼ਿਪਾਂ ਅਤੇ ਸਿੱਖਿਆ ਕਰਜ਼ਿਆਂ ‘ਚ ਰਾਹਤ ਦਿੱਤੀ ਜਾਵੇ।
ਬਾਕਸ
ਮਜ਼ਦੂਰ ਆਗੂ ਸਰਦੂਲ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਮਜ਼ਦੂਰ ਵਰਗ ਲਈ ਇਹ ਬਜਟ ਬਹੁਤ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਮਹਿੰਗਾਈ ਦੇ ਸਮੇਂ ਵਿੱਚ ਮਜ਼ਦੂਰਾਂ ਦੀ ਆਮਦਨ ਕਾਫ਼ੀ ਨਹੀਂ ਰਹੀ। ਉਨ੍ਹਾਂ ਦੀ ਮੰਗ ਹੈ ਕਿ ਘੱਟੋ-ਘੱਟ ਮਜ਼ਦੂਰੀ ਵਿੱਚ ਵਾਧਾ ਕੀਤਾ ਜਾਵੇ, ਸਮਾਜਕ ਸੁਰੱਖਿਆ ਯੋਜਨਾਵਾਂ ਨੂੰ ਮਜ਼ਬੂਤ ਕੀਤਾ ਜਾਵੇ ਅਤੇ ਸਿਹਤ ਬੀਮੇ ਵਰਗੀਆਂ ਸਹੂਲਤਾਂ ਹਰ ਮਜ਼ਦੂਰ ਤੱਕ ਪਹੁੰਚਾਈਆਂ ਜਾਣ। ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਮਾਫ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮਜ਼ਦੂਰ ਵਗਰ ਮੁਸ਼ਕਿਲ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ, ਜਿਸ ਲਈ ਕੇਂਦਰ ਸਰਕਾਰ ਬਜ਼ਟ ਵਿਚ ਫੰਡ ਰਾਖਵੇਂ ਰੱਖੇ।
ਬਾਕਸ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾਂ ਨੇ ਕਿਹਾ ਕਿ ਕਿਸਾਨ ਵਰਗ ਨੂੰ ਵੀ ਬਜਟ ਤੋਂ ਉਮੀਦਾਂ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਅਜੇ ਵੀ ਕਰਜ਼ੇ, ਮਹਿੰਗੇ ਬੀਜ-ਖਾਦ ਅਤੇ ਫਸਲਾਂ ਦੇ ਘੱਟ ਭਾਅ ਨਾਲ ਜੂਝ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਕਿਸਾਨਾਂ ਲਈ ਫਸਲਾਂ ਦੇ ਨਿਊਨਤਮ ਸਮਰਥਨ ਮੁੱਲ ਦੀ ਗਾਰੰਟੀ, ਕਰਜ਼ਾ ਰਾਹਤ ਅਤੇ ਖੇਤੀਬਾੜੀ ਨਾਲ ਜੁੜੀਆਂ ਸਬਸਿਡੀਆਂ ਦਾ ਐਲਾਨ ਕੀਤਾ ਜਾਵੇ। ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਅਤੇ ਸਾਰੀਆਂ ਫਸਲਾਂ ’ਤੇ ਐਮਐਸਪੀ ਅਤੇ ਖਰੀਦ ਦੀ ਗਾਰੰਟੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਹਾਲਕਿ ਪਿਛਲੇ ਬਜ਼ਟ ਵਿਚ ਕਿਸਾਨਾਂ ਲਈ ਕੁਝ ਨਹੀਂ ਕੀਤਾ ਗਿਆ ਸੀ।