ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਤੇ ਨਸ਼ਾ ਦੇ ਬੁਰੇ ਪ੍ਰਭਾਵਾਂ ਸਬੰਧੀ ਕੀਤਾ ਜਾਗਰੂਕ
ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਅਤੇ ਨਸ਼ਾ ਦੇ ਬੁਰੇ ਪ੍ਰਭਾਵਾਂ ਸਬੰਧੀ ਕੀਤਾ ਜਾਗਰੂਕ
Publish Date: Thu, 29 Jan 2026 05:43 PM (IST)
Updated Date: Thu, 29 Jan 2026 05:46 PM (IST)
ਹਰਪ੍ਰੀਤ ਮਦੇਸ਼ਾ, ਪੰਜਾਬੀ ਜਾਗਰਣ
ਨਥਾਣਾ : ਸਰਕਾਰੀ ਸੀਨਅਰ ਸੈਕੰਡਰੀ ਸਕੂਲ ਪੂਹਲਾ ਵਿਖੇ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਅਤੇ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਵਿਚ ਅੱਲ੍ਹੜ ਅਵਸਥਾ ਦੌਰਾਨ ਪੈਦਾ ਹੋਣ ਵਾਲੀਆਂ ਮਾਨਸਿਕ ਸਮੱਸਿਆਵਾਂ ਦੀ ਪਛਾਣ ਅਤੇ ਨਸ਼ਿਆਂ ਤੋਂ ਬਚਾਅ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਮੌਕੇ ਸਿਹਤ ਬਲਾਕ ਨਥਾਣਾ ਦੇ ਆਈਈਸੀ ਸਰਗਰਮੀਆਂ ਦੇ ਨੋਡਲ ਅਧਿਕਾਰੀ ਅਤੇ ਬਲਾਕ ਪ੍ਰਸਾਰ ਸਿੱਖਿਅਕ ਸੋਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਇਸ ਜਾਗਰੂਕਤਾ ਮੁਹਿੰਮ ਨੂੰ ਸਫ਼ਲ ਬਣਾਉਣ ਵਿਚ ਸਕੂਲ ਦੇ ਕਾਰਜਕਾਰੀ ਮੁਖੀ ਡਾ. ਬਾਬਰ ਫ਼ਰੀਦ ਸਿੰਘ, ਲੈਕਚਰਾਰ ਮਨਦੀਪ ਸਿੰਘ ਅਤੇ ਲੈਕਚਰਾਰ ਇਕਾਂਕੀ ਕਪੂਰ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦੌਰਾਨ ਬਹੁਮੰਤਵੀ ਸਿਹਤ ਕਰਮਚਾਰੀ ਮਨਜਿੰਦਰ ਸਿੰਘ ਹੇਮਾ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਨਾਲ ਸਰੀਰ ’ਤੇ ਪੈਣ ਵਾਲੇ ਗੰਭੀਰ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਬਲਾਕ ਪ੍ਰਸਾਰ ਸਿੱਖਿਅਕ ਸੋਨਦੀਪ ਸਿੰਘ ਸੰਧੂ ਨੇ ਅੱਲ੍ਹੜ ਅਵਸਥਾ ਦੌਰਾਨ ਆਉਣ ਵਾਲੀਆਂ ਮਾਨਸਿਕ ਪਰੇਸ਼ਾਨੀਆਂ ਦੀ ਪਛਾਣ ਅਤੇ ਉਨ੍ਹਾਂ ਤੋਂ ਬਚਾਅ ਲਈ ਸਰੀਰਕ ਤੰਦਰੁਸਤੀ, ਸਾਹਿਤ ਨਾਲ ਜੁੜਾਅ ਅਤੇ ਮਾਪਿਆਂ ਤੇ ਅਧਿਆਪਕਾਂ ਨਾਲ ਸੁਹਿਰਦ ਵਤੀਰਾ ਅਪਣਾਉਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਮਾਨਸਿਕ ਸਿਹਤ ਅਤੇ ਨਸ਼ਾ ਛੁਡਾਊ ਸਲਾਹਕਾਰ ਬੇਅੰਤ ਕੌਰ ਨੇ ਨਸ਼ਿਆਂ ਦੇ ਦੁਸ਼ਪ੍ਰਭਾਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ, ਜਦਕਿ ਬਹੁਮੰਤਵੀ ਸਿਹਤ ਕਰਮਚਾਰੀ ਲਛਮਣ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਸਕੂਲ ਦੇ ਲੈਕਚਰਾਰ ਮਨਦੀਪ ਸਿੰਘ ਨੇ ਪੁਸਤਕਾਂ ਅਤੇ ਸਾਹਿਤ ਦੀ ਮਦਦ ਨਾਲ ਤਣਾਅ ਤੋਂ ਬਚਣ ਦੇ ਤਰੀਕਿਆਂ ਬਾਰੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ। ਇਸ ਮੌਕੇ ਲੈਕਚਰਾਰ ਇਕਾਂਕੀ ਕਪੂਰ ਵੱਲੋਂ ਸਾਰੇ ਸੰਬੋਧਨ ਕਰਤਾਵਾਂ ਅਤੇ ਸਮਾਗਮ ਨੂੰ ਸਫ਼ਲ ਬਣਾਉਣ ਵਾਲੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।