ਮਨਰੇਗਾ ਖਤਮ ਕਰਨ ਦੀ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ : ਕਮਾਲੂ
ਮਨਰੇਗਾ ਖਤਮ ਕਰਨ ਦੀ ਸਾਜ਼ਿਸ਼ ਕਦੇ ਕਾਮਯਾਬ ਨਹੀਂ ਹੋਣ ਦਿਆਂਗੇ : ਜਗਦੇਵ ਸਿੰਘ ਕਮਾਲੂ
Publish Date: Thu, 29 Jan 2026 05:40 PM (IST)
Updated Date: Thu, 29 Jan 2026 05:43 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਰਾਮਪੁਰਾ ਫੂਲ : ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਮਨਰੇਗਾ ਵਰਗੀ ਗ਼ਰੀਬ-ਮਜ਼ਦੂਰ ਹਿਤੈਸ਼ੀ ਯੋਜਨਾ ਨੂੰ ਖਤਮ ਕਰ ਕੇ ਉਸ ਦੀ ਥਾਂ ਵੀਬੀ ਜੀ ਰਾਮ ਜੀ ਬਿੱਲ ਲਿਆਂਦੇ ਜਾਣ ਖ਼ਿਲਾਫ਼ ਕਾਂਗਰਸ ਪਾਰਟੀ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਸਬੰਧੀ ਹਲਕਾ ਮੌੜ ਦੇ ਪਿੰਡ ਚਾਉਕੇ, ਪਿੱਥੋ ਸਮੇਤ ਵੱਖ-ਵੱਖ ਪਿੰਡਾਂ ਵਿਚ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਜਗਦੇਵ ਸਿੰਘ ਕਮਾਲੂ ਦੀ ਅਗਵਾਈ ਹੇਠ ‘ਮਨਰੇਗਾ ਬਚਾਓ ਸੰਗਰਾਮ’ ਅਧੀਨ ਮੀਟਿੰਗਾਂ ਕੀਤੀਆਂ ਗਈਆਂ। ਜਗਦੇਵ ਸਿੰਘ ਕਮਾਲੂ ਨੇ ਦੱਸਿਆ ਕਿ ਇਹ ਮੀਟਿੰਗਾਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਰਜੁਨ ਖੜਗੇ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਮਜ਼ਦੂਰ ਭਰਾਵਾਂ ਅਤੇ ਭੈਣਾਂ ਨਾਲ ਸਿੱਧਾ ਸੰਵਾਦ ਕਰਦਿਆਂ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਮਨਰੇਗਾ ਗ਼ਰੀਬ ਮਜ਼ਦੂਰ ਲਈ ਰੁਜ਼ਗਾਰ ਦੀ ਗਾਰੰਟੀ ਸੀ, ਪਰ ਭਾਜਪਾ ਸਰਕਾਰ ਜਾਣਬੁੱਝ ਕੇ ਇਸ ਨੂੰ ਕਮਜ਼ੋਰ ਕਰਕੇ ਗਰੀਬਾਂ ਤੋਂ ਰੋਟੀ ਖੋਹਣਾ ਚਾਹੁੰਦੀ ਹੈ। ਵੀਬੀ ਜੀ ਰਾਮ ਜੀ ਬਿੱਲ ਮਜ਼ਦੂਰਾਂ ਨੂੰ ਨਾ ਤਾਂ 100 ਦਿਨਾਂ ਦੇ ਰੁਜ਼ਗਾਰ ਦੀ ਗਾਰੰਟੀ ਦਿੰਦਾ ਹੈ ਅਤੇ ਨਾ ਹੀ ਮਜ਼ਦੂਰੀ ਦੀ ਸੁਰੱਖਿਆ ਕਰਦਾ ਹੈ। ਉਨ੍ਹਾਂ ਕਿਹਾ ਕਿ ਮਨਰੇਗਾ ਬਚਾਉਣ ਲਈ ਇਹ ਸੰਘਰਸ਼ ਸੜਕਾਂ ਤੋਂ ਲੈ ਕੇ ਸੰਸਦ ਤਕ ਲਿਜਾਇਆ ਜਾਵੇਗਾ ਅਤੇ ਮਨਰੇਗਾ ਸਕੀਮ ਨੂੰ ਜਾਰੀ ਰੱਖਣ ਲਈ ਕਾਂਗਰਸ ਪਾਰਟੀ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਲਈ ਤਿਆਰ ਹੈ। ਇਸ ਮੌਕੇ ਹਲਕਾ ਮੌੜ ਦੇ ਮਨਰੇਗਾ ਕੋਆਰਡੀਨੇਟਰ ਅਵਤਾਰ ਸਿੰਘ ਗੋਨਿਆਣਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਮਜ਼ਦੂਰ ਵਰਗ ਕਦੇ ਵੀ ਮਨਰੇਗਾ ਨੂੰ ਖਤਮ ਨਹੀਂ ਹੋਣ ਦੇਵੇਗਾ ਅਤੇ ਆਪਣੇ ਹੱਕਾਂ ਦੀ ਰੱਖਿਆ ਲਈ ਹਰ ਤਰ੍ਹਾਂ ਦਾ ਸੰਘਰਸ਼ ਕੀਤਾ ਜਾਵੇਗਾ।